ਸ਼੍ਰੀ ਰਾਮਨੋਮੀ ਸਬੰਧੀ ਕੱਢੀ ਗਈ ਵਿਸ਼ਾਲ ਸੋਭਾ ਯਾਤਰਾ ਦੌਰਾਨ ਪੁਲਿਸ ਦੀ ਗੈਰਹਾਜਰੀ ਨਿਰਾਸ਼ਾਜਨਕ :- ਡੈਨੀ ਬੰਡਾਲਾ
ਸ਼੍ਰੀ ਰਾਮਨੋਮੀ ਸਬੰਧੀ ਕੱਢੀ ਗਈ ਵਿਸ਼ਾਲ ਸੋਭਾ ਯਾਤਰਾ ਦੌਰਾਨ ਪੁਲਿਸ ਦੀ ਗੈਰਹਾਜਰੀ ਨਿਰਾਸ਼ਾਜਨਕ :- ਡੈਨੀ ਬੰਡਾਲਾ
ਜੰਡਿਆਲਾ ਗੁਰੂ 25 ਮਾਰਚ ਕੁਲਜੀਤ ਸਿੰਘ:- ਅੱਜ ਜੰਡਿਆਲਾ ਗੁਰੂ ਸ਼੍ਰੀ ਰਾਮ ਨੋਮੀ ਉਤਸਵ ਕਮੇਟੀ ਵਲੋ ਮੰਦਿਰ ਡਾਲੀਆਨਾ ਸਾਹਿਬ ਤੋਂ ਇਕ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ । ਇਸ ਮੌਕੇ ਸ਼ੋਭਾ ਯਾਤਰਾ ਵਿਚ ਪਹੁੰਚੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਵਿਸ਼ਾਲ ਸੋਭਾ ਯਾਤਰਾ ਸਬੰਧੀ ਸ਼੍ਰੀ ਰਾਮਨੋਮੀ ਉਤਸਵ ਕਮੇਟੀ ਵਲੋ ਪੁਲਿਸ ਪ੍ਰਸ਼ਾਸ਼ਨ ਨੂੰ ਇਕ ਬੇਨਤੀ ਪੱਤਰ ਦਿੱਤਾ ਗਿਆ ਸੀ ਕਿ ਸ਼ੋਭਾ ਯਾਤਰਾ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਅਤੇ ਆਏ ਹੋਏ ਮਹਿਮਾਨਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੁਲਿਸ ਮੁਲਾਜਮਾਂ ਦੀ ਡਿਊਟੀ ਲਗਾਈ ਜਾਵੇ । ਡੈਨੀ ਬੰਡਾਲਾ ਨੇ ਕਿਹਾ ਕਿ ਬੇਹੱਦ ਦੁੱਖ ਹੋਇਆ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਵਿਚ ਕਿਧਰੇ ਵੀ ਕੋਈ ਪੁਲਿਸ ਕਰਮਚਾਰੀ ਜਾਂ ਸੀਨੀਅਰ ਅਧਿਕਾਰੀ ਦਿਖਾਈ ਨਹੀਂ ਦਿੱਤਾ । ਓਹਨਾਂ ਕਿਹਾ ਕਿ ਪਹਿਲਾਂ ਹੀ ਸ਼ਹਿਰ ਵਿਚ ਹੋ ਰਹੇ ਕਤਲੇਆਮ ਕਾਰਣ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ । ਸ਼ੋਭਾ ਯਾਤਰਾ ਦੌਰਾਨ ਪੁਲਿਸ ਦੀ ਗੈਰ ਹਾਜਰੀ ਸਬੰਧੀ ਕਮੇਟੀ ਦੇ ਪਰਬੰਧਕਾਂ ਵਲੋ ਸ਼ੋਸ਼ਲ ਮੀਡੀਆ ਤੇ ਪੋਸਟ ਪਾਕੇ ਵੀ ਆਪਣੇ ਗੁੱਸੇ ਦਾ ਇਜਹਾਰ ਕੀਤਾ ਗਿਆ। ਇਥੇ ਇਹ ਦੱਸਣਯੋਗ ਹੈ ਕਿ ਇਸ ਸ਼ੋਭਾ ਯਾਤਰਾ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦਾ ਪੂਰਾ ਪਰਿਵਾਰ ਅਤੇ ਹੋਰ ਸਾਰੇ ਅਹੁਦੇਦਾਰ ਵੀ ਸ਼ਾਮਿਲ ਸਨ ।





