ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ‘ਵਫਦ’ ਨਾਲ ਕੀਤੀ ਮੁਲਾਕਾਤ ਜਾਤੀ ਵਿਤਕਰੇ ਅਤੇ ਪੰਜਾਬ ਪੁਲੀਸ ਦੀ ਇੱਕ ਪਾਸੜ ਭੂਮਿਕਾ ਤੇ ਚੁੱਕੇ ਸਤਨਾਮ ਸਿੰਘ ਗਿੱਲ ਨੇ ਸਵਾਲ
ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਨੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ‘ਵਫਦ’ ਨਾਲ ਕੀਤੀ ਮੁਲਾਕਾਤ
ਜਾਤੀ ਵਿਤਕਰੇ ਅਤੇ ਪੰਜਾਬ ਪੁਲੀਸ ਦੀ ਇੱਕ ਪਾਸੜ ਭੂਮਿਕਾ ਤੇ ਚੁੱਕੇ ਸਤਨਾਮ ਸਿੰਘ ਗਿੱਲ ਨੇ ਸਵਾਲ
25% ਕੋਟੇ ਤੇ ਦਲਿਤ ਬੱਚਿਆਂ ਦੇ ਕੇਸ ਦੀ ਵੀ ਕੀਤੀ ਵਕਾਲਤ
ਵਡਾਲਾ ਭਿੱਟੇਵੱਢ ਵਿਖੇ ਬੇਘਰਿਆਂ ਨੂੰ ਕਬਜੇ ਦਵਾਉਂਣ ਦੀ ਕਮਿਸ਼ਨ ਨੇ ਭਰੀ ਹਾਮੀਂ
ਚੰਡੀਗੜ੍ਹ :ਕੁਲਜੀਤ ਸਿੰਘ
ਸਮਾਜ ਅੰਦਰ ਜਾਤੀ ਭਿੰਨ ਭੇਦ ਦੇ ਫਲਾਅ ਤੇ ਰੋਕ ਲਗਾਉਂਣ ਲਈ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦਾ ਸੰਭਾਵਿਤ ਦਖਲ ਦਵਾਉਂਣ ਲਈ ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਅਤੇ ਚੇਅਰਮੈਨ ਸੰਦੀਪ ਸਿੰਘ ਨੇ ਵਫਦ ਸਮੇਤ ਕਮਿਸ਼ਨ ਦੇ ਚੇਅਰਮੈਨ ਸ੍ਰ ਜਸਵੀਰ ਸਿੰਘ ਗੜ੍ਹੀ ਨਾਲ ਮੁਲਾਕਾਤ ਕੀਤੀ।
‘ਵਫਦ’ ‘ਚ ਸ਼ਾਮਲ ਸੰਸਥਾ ਦੇ ਟਰੱਸਟੀ ਮੈਂਬਰ ਗੁਰਪ੍ਰੀਤ ਸਿੰਘ ਖਾਲਸਾ,ਅੰਮ੍ਰਿਤਪਾਲ ਸਿੰਘ,ਲਖਵਿੰਦਰ ਸਿੰਘ ਰੋੜਾਵਾਲੀ,ਜਸਬੀਰ ਸਿੰਘ ਵਡਾਲਾ ਭਿੱਟੇਵੱਢ,ਫੁਲਜੀਤ ਸਿੰਘ ਵਰਪਾਲ,ਸਰਪੰਚ ਮਦਨ ਸਿੰਘ ਵਡਾਲਾ ਭਿੱਟੇਵੱਢ ਨੇ ਸਹਿਚਾਰਕ ਤੌਰ ਤੇ ਮੀਟਿੰਗ ਕੀਤੀ।ਪੰਜਾਬ ਸਿਵਲ ਸਕੱਤਰੇਤ ਚੋਥੀ ਮੰਜਲ ਕਮਰਾ ਨੰਬਰ 4 ‘ਚ ਹੋਈ ਮੁਲਾਕਾਤ ਮੌਕੇ ਸਤਨਾਮ ਸਿੰਘ ਗਿੱਲ ਨੇ ਪ੍ਰਸਾਸ਼ਨਿਕ ਹਲਕਿਆਂ ‘ਚ ਪਸਰ ਰਹੇ ਜਾਤੀ ਵਿਤਕਰੇ ਅਤੇ ਸਮਾਜਿਕ ਚੌਗਿਰਦੇ ‘ਚ ਫੈਲ ਰਹੀ ਭਿੰਨ ਭੇਦ ਦੀ ਭਾਵਨਾ ਤੇ ਰੋਕ ਲਗਾਉਂਣ ਅਤੇ ਜਾਤੀ ਸੂਚਕ ਕੇਸਾਂ ਦੇ ਜਲਦੀ ਨਿਪਟਾਰੇ ਕਰਨ ਦੇ ਮੁੱਦੇ ਤੇ ਵਿਚਾਰਾਂ ਕੀਤੀਆਂ।ਇਸ ਮੌਕੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਨੇ ਪਿੰਡ ਵਡਾਲਾ ਭਿੱਟੇਵੱਢ ਦੇ ਸਰਪੰਚ ਮਦਨ ਸਿੰਘ ਅਤੇ ਜਸਬੀਰ ਸਿੰਘ ਨੂੰ ਕਮਿਸ਼ਨ ਦੇ ਪੇਸ਼ ਕਰਕੇ ਪਿੰਡ ਦੇ ਅਨੁਸੂਚਿਤ ਅਤੇ ਬੇਘਰੇ ਪ੍ਰੀਵਾਰਾਂ ਨੂੰ ਅਲਾਟ ਹੋਏ ਪਲਾਟਾਂ ਦੇ ਕਬਜੇ ਦਵਾਉਂਣ ਲਈ ਸ੍ਰ ਜਸਬੀਰ ਸਿੰਘ ਗੜ੍ਹੀ ਕੋਲ ਮੁੱਦਾ ਚੁੱਕਿਆ।
ਵਫਦ ਨੇ ਕਮਿਸ਼ਨ ਦੇ ਚੇਅਰਮੈਨ ਨੂੰ ਸੱਦਾ ਦਿੱਤਾ ਹੈ ਕਿ ਉਹ 24 ਜ਼ਿਲ੍ਹਿਆਂ ‘ਚ ਸੰਗਤ ਦਰਸ਼ਨ ਰੱਖ ਕੇ ਪੀੜਤ ਅਤੇ ਪ੍ਰਭਾਵਿਤ ਪ੍ਰੀਵਾਰਾਂ ਨੂੰ ਖੁਦ ਮਿਲਣ ਤਾਂ ਜਾਤੀ ਵਿਤਕਰੇ ਦੇ ਮਾਮਲੇ ਮੀਡੀਆਂ ਦੀਆਂ ਸੁਰਖੀਆਂ ਬਣ ਸਕਦੇ ਹਨ।ਪਿੰਡਾਂ ‘ਚ ਵਿਆਜੜੀਆਂ ਦੁਆਰਾ ਗਰੀਬ ਪ੍ਰੀਵਾਰਾਂ ਨੂੰ 10% ਫੀਸਦੀ ਵਿਆਜ਼ ਤੇ ਪੈਸੇ ਦੇਕੇ ਕੀਤੇ ਜਾ ਰਹੇ ਸੋਸ਼ਣ ਨੂੰ ਠੱਲ੍ਹਣ ਲਈ ਕਮਿਸ਼ਨ ਨੂੰ ਸੰਭਾਵਿਤ ਦਖਲ ਦੇਣ ਦੀ ਅਪੀਲ ਵੀ ਕੀਤੀ।
ਪੁਲੀਸ ਪ੍ਰਸ਼ਾਸ਼ਨ ਦੀ ਇੱਕ ਪਾਸੜ ਭੂਮਿਕਾ ਤੋਂ ਪ੍ਰਭਾਵਿਤ ਪ੍ਰੀਵਾਰਾਂ ਦੀ ਸੁਣਵਾਈ ਕਰਨ ਅਤੇ ਸਰਕਾਰੀ ਜਬਰ ਨੂੰ ਠੱਲ੍ਹਣ ਲਈ ਪੁਲੀਸ ਜ਼ਿਆਦਤੀਆਂ ਨਾਲ ਸਬੰਧਿਤ ਕੇਸਾਂ ‘ਚ ਤਰਜ਼ੀਹ ਦੇਣ ਦੀ ਤਾਕੀਦ ਵੀ ਕੀਤੀ।
ਇਸ ਮੌਕੇ ਸਤਨਾਮ ਸਿੰਘ ਗਿੱਲ ਨੇ ਬਤੌਰ ਸ਼ਿਕਾਇਤ ਕਰਤਾ ਪ੍ਰਾਈਵੇਟ ਸਕੂਲ ਦੇ ਇੱਕ ਸੰਚਾਲਕ ਵੱਲੋਂ ਧਮਕਾਉਂਣ ਅਤੇ ਜਾਤੀ ਤੌਰ ਤੇ ਅਟੈਕ ਕਰਨ ਦੇ ਅਪਰਾਧਿਕ ਮਾਮਲੇ ‘ਚ ਸਬੂਤਾਂ ਸਮੇਤ ਕਮਿਸ਼ਨ ਨੂੰ ਸ਼ਿਕਾਇਤ ਸੌਂਪ ਕੇ ਜ਼ਿੰਮੇਵਾਰ ਵਿਅਕਤੀ ਖਿਲ਼ਾਫ ਐਟਰੋਸਿਟੀ ਐਕਟ ਦੀਆਂ ਸੰਗੀਨ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਕਮਿਸ਼ਨ ਨੂੰ ਬੇਨਤੀ ਕੀਤੀ।
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਸੁਣੀ ਵਫਦ ਦੀ ਗੱਲਬਾਤ:
ਚੇਅਰਮੈਨ ਸ੍ਰ ਜਸਵੀਰ ਸਿੰਘ ਗੜ੍ਹੀ ਨੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ ਸਤਨਾਮ ਸਿੰਘ ਗਿੱਲ ਵੱਲੋਂ ਉਠਾਏ ਗਏ ਮੁੱਦਿਆਂ ਅਤੇ ਪੇਸ਼ ਕੀਤੇ ਦਸਤਾਵੇਜ਼ਾਂ ਨੂੰ ਸਵੀਕਾਰ ਕਰਦਿਆਂ ਵੱਖ ਵੱਖ ਕੇਸਾਂ ਦੇ ਨਿਪਟਾਰੇ ਨਾਲ ਸਬੰਧਿਤ ਮਾਮਲਿਆਂ ਦੇ ਨਿਪਟਾਰੇ ਨੂੰ ਯਕੀਨੀ ਬਣਾਉਂਣ ਲਈ ਸਬੰਧਿਤ ਵਿਭਾਗ ਦੇ ਜ਼ਿੰਮੇਵਾਰ ਅਫਸਰਾਂ ਨੂੰ ਨੋਟਿਸ ਜਾਰੀ ਕਰਨ ਲਈ ਆਪਣੇ ਸਟਾਫ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।
ਉਨ੍ਹਾ ਨੇ ਕਿਹਾ ਕਿ ਸਤਨਾਮ ਸਿੰਘ ਗਿੱਲ ਵੱਲੋਂ ਐਸਸੀ ਐਕਟ ਦੀ ਕਾਰਵਾਈ ਦੀ ਕੀਤੀ ਮੰਗ ਦੇ ਵਿਸ਼ੇ ਨਾਲ ਸਬੰਧਿਤ ਕਾਰਵਾਈ ਕਰਨ ਲਈ ਪੁਲੀਸ ਸੀਨੀਅਰ ਕਪਤਾਨ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਕਮਿਸ਼ਨ ਨੇ ਲਿਖ ਦਿੱਤਾ ਹੈ ਕਿ ਜੋ ਵੀ ਸ਼ਿਕਾਇਤ ਅਧਾਰਿਤ ਕਾਰਵਾਈ ਬਣਦੀ ਹੈ ਉਸ ਨੂੰ ਅਮਲ ‘ਚ ਲਿਆਂਦਾ ਜਾਵੇ।
ਪੁੱਛਣ ਤੇ ਉਨਾ੍ਹ ਨੇ ਦੱਸਿਆ ਅਨੁਸੂਚਿਤ ਜਾਤੀ ਦੇ ਬੱਚਿਆਂ ਲਈ 25% ਕੋਟੇ ਦੀਆਂ ਸੀਟਾਂ ਦੇ ਪ੍ਰਾਈਵੇਟ ਸਕੂਲਾਂ ‘ਚ ਦਾਖਲੇ ਨੂੰ ਲੈਕੇ ਜੋ ਵੀ ਸਥਿਤੀ ਬਣੀ ਹੋਈ ਹੈ।ਉਸ ਦਾ ਅਧਿਐਨ ਕਰਨ ਅਤੇ ਕੇਸ ਨੂੰ ਚੰਗੀਂ ਤਰ੍ਹਾਂ ਸਮਝਣ ਤੋਂ ਬਾਅਦ ਰਾਜ ਸਰਕਾਰ ਨਾਲ ਮਾਮਲੇ ਦੇ ਵਿਚਾਰ ਚਰਚਾ ਕੀਤੀ ਜਾਵੇਗੀ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਨ੍ਹਾ ਨੇ ਦੱਸਿਆ ਕਿ ਪਿੰਡ ਵਡਾਲਾ ਭਿੱਟੇਵੱਢ ਦੇ 165 ਦੇ ਕਰੀਬ ਅਲਾਟੀਆਂ ਨੂੰ ਪਲਾਟ ਨਾ ਮਿਲਣ ਦੇ ਸਬੰਧੀ ਗ੍ਰਾਮ ਪੰਚਾਇਤ ਮੇਰੇ ਕੋਲ ਆਈ ਹੈ।ਉਨ੍ਹਾ ਦੇ ਕੇਸ ਦੀ ਜਾਂਚ ਪੜਤਾਲ ਕਰਨ ਲਈ ਡੀਸੀ ਅੰਮ੍ਰਿਤਸਰ ਨੂੰ ਲਿਖਿਆ ਜਾ ਚੁੱਕਾ ਹੈ।
ਫੋਟੋ ਕੈਪਸ਼ਨ: ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ੍ਰ ਜਸਵੀਰ ਸਿੰਘ ਗੜੀ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਅਤੇ ਸੰਦੀਪ ਸਿੰਘ ਤੇ ਹੋਰਨਾ ਸਾਥੀਆਂ ਨਾਲ ਮੀਟਿੰਗ ਕਰਦੇ ਹੋਏ।




