ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਮਨਾਇਆ ਗਿਆ ਐਨ. ਐਸ. ਐਸ. ਫਾਊਂਡੇਸ਼ਨ ਡੇਅ
ਚਵਿੰਡਾ ਦੇਵੀ, 26 ਸਤੰਬਰ (ਕੁਲਜੀਤ ਸਿੰਘ)-ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਐਨ. ਐਸ. ਐਸ. ਯੂਨਿਟ ਦੇ ਵਲੰਟੀਅਰਾਂ ਵੱਲੋਂ ਫਾਊਂਡੇਸ਼ਨ ਦਿਵਸ ਉੱਪਰ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਆਰੰਭਤਾ ਮੌਕੇ ਖਾਲਸਾ ਕਾਲਜ ਚਵਿੰਡਾ ਦੇਵੀ ਦੇ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਸਕੀਮ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਅਤੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਕਿ 24 ਸਤੰਬਰ 1969 ਨੂੰ ਕਿਵੇਂ ਮਹਾਤਮਾ ਗਾਂਧੀ ਜੀ ਦੇ ਫਲਸਫੇ ਤੋਂ ਪ੍ਰਭਾਵਿਤ ਹੋ ਕੇ ਮਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਨੇ ਨੌਜਵਾਨਾਂ ਵਿੱਚ ਸਮਾਜਿਕ ਭਲਾਈ ਦੇ ਉਦੇਸ਼ ਨੂੰ ਪ੍ਰਫੁੱਲਤ ਕਰਨ ਲਈ ਇਸ ਵਿਸ਼ੇਸ਼ ਸਕੀਮ ਦਾ ਆਗਾਜ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਸਿੱਖ ਫ਼ਲਸਫ਼ਾ ਅਤੇ ਸੇਵਾ ਦੀ ਧਾਰਨਾ ਰਾਹੀਂ ਵੀ ਐਨ. ਐਸ. ਐਸ. ਸਕੀਮ ਬਾਰੇ ਦੱਸਿਆ। ਇਸ ਮੌਕੇ ਕਾਲਜ ਕੈਂਪਸ ਦੇ ਸਰਦਾਰਨੀ ਪ੍ਰਸਿੰਨ ਕੌਰ ਹਾਲ ਵਿੱਚ ਰੈਡ ਆਰਟਸ ਟੀਮ ਪੰਜਾਬ ਦੇ ਸਹਿਯੋਗ ਨਾਲ ਨਸ਼ਿਆਂ ਦੀ ਲਾਹਣਤ ਪ੍ਰਤੀ ਚੇਤਨਾ ਪੈਦਾ ਕਰਨ ਲਈ ‘ਕੁਝ ਤਾਂ ਕਰ’ ਸਿਰਲੇਖ ਹੇਠ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਇਸ ਤੋਂ ਬਾਅਦ ਐਨ. ਐਸ. ਐਸ ਦੇ ਸਮੂਹ ਵਲੰਟੀਅਰਾਂ ਵੱਲੋਂ ਕਾਲਜ ਕੈਂਪਸ ਵਿਚ 100 ਤੋਂ ਵੱਧ ਛਾਂਅਦਾਰ, ਫਲ੍ਹਾਂ ਵਾਲੇ, ਡੈਕੋਰੇਟਿਵ ਬੂਟੇ ਲਗਾਏ ਗਏ। ਇਸ ਮੌਕੇ ‘ਰੁੱਖ ਲਗਾਓ ਵਾਤਾਵਰਨ ਬਚਾਓ’ ਮੁਹਿੰਮ ਦਾ ਆਗਾਜ ਕਾਲਜ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਆਪ ਵਿਦਿਆਰਥੀਆਂ ਨਾਲ ਬੂਟੇ ਲਗਾ ਕੇ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਐਨ. ਐਸ. ਐਸ. ਪ੍ਰੋਗਰਾਮ ਇੰਚਾਰਜ ਪ੍ਰੋ. ਰਣਪ੍ਰੀਤ ਸਿੰਘ ਨੇ ਆਪਣੀ ਸਮੂਹ ਮੈਨੇਜਮੈਂਟ, ਕਾਲਜ ਪ੍ਰਿੰਸੀਪਲ, ਸਮੂਹ ਕਾਲਜ ਸਟਾਫ ਅਤੇ ਵਿਦਿਆਰਥੀਆਂ ਦਾ ਇਸ ਦਿਨ ਉਪਰ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਮਨਪ੍ਰੀਤ ਕੌਰ, ਪ੍ਰੋ ਦਵਿੰਦਰ ਕੌਰ, ਪ੍ਰੋ. ਨੇਹਾ ਕੁਮਾਰੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: ਖਾਲਸਾ ਕਾਲਜ ਚਵਿੰਡਾ ਦੇਵੀ ਦੇ ਪ੍ਰਿੰਸੀਪਲ ਗੁਰਦੇਵ ਸਿੰਘ, ਸਟਾਫ ਮੈਂਬਰ ਅਤੇ ਐਨ. ਐਸ. ਐਸ. ਵਲੰਟੀਅਰ ਬੂਟੇ ਲਗਾਊਂਦੇ ਹੋਏ।





