ਮੋਦੀ ਵੱਲੋਂ 1600 ਕਰੋੜ ਦਾ ਪੈਕੇਜ ਪੰਜਾਬ ਨਾਲ ਕੋਝਾ ਮਜ਼ਾਕ: ਵਿਧਾਇਕ ਜਸਵਿੰਦਰ ਸਿੰਘ ਰਮਦਾਸ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਆਮ ਆਦਮੀ ਪਾਰਟੀ ਦੇ ਅਟਾਰੀ ਹਲਕੇ ਤੋਂ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਪੰਜਾਬ ਲਈ ਐਲਾਨਿਆ ਗਿਆ 1600 ਕਰੋੜ ਦਾ ਪੈਕੇਜ ਸਿਰਫ਼ ਕੋਝਾ ਮਜ਼ਾਕ ਹੈ। ਹੜ੍ਹ ਕਾਰਨ ਪੰਜਾਬ ਦੇ ਹਜ਼ਾਰਾਂ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ, ਕਿਸਾਨਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਅਤੇ ਪਸ਼ੂ-ਧਨ ਸਮੇਤ ਕਈ ਕਿਸਮ ਦੇ ਨੁਕਸਾਨ ਹੋਏ ਹਨ। ਇਸੇ ਤਰ੍ਹਾਂ ਸਰਕਾਰੀ ਇਮਾਰਤਾਂ, ਸਕੂਲਾਂ ਅਤੇ ਸੜਕਾਂ ਨੂੰ ਭਾਰੀ ਤਬਾਹੀ ਦਾ ਸਾਹਮਣਾ ਕਰਨਾ ਪਿਆ ਹੈ।
ਰਮਦਾਸ ਨੇ ਕਿਹਾ ਕਿ ਕੇਂਦਰ ਵੱਲੋਂ ਦਿੱਤਾ ਗਿਆ 1600 ਕਰੋੜ ਦਾ ਪੈਕੇਜ ਪੰਜਾਬ ਦੇ ਵੱਡੇ ਨੁਕਸਾਨ ਦੇ ਮੁਕਾਬਲੇ ਬਿਲਕੁਲ ਨਾ ਕਾਫ਼ੀ ਹੈ। ਇਹ ਰਕਮ ਨਾ ਤਾਂ ਬੇਘਰ ਹੋਏ ਪਰਿਵਾਰਾਂ ਨੂੰ ਮੁੜ ਛੱਤ ਦੇ ਸਕਦੀ ਹੈ ਅਤੇ ਨਾ ਹੀ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰ ਸਕਦੀ ਹੈ। ਕੇਂਦਰ ਨੇ ਇੱਕ ਵਾਰੀ ਫਿਰ ਪੰਜਾਬ ਨਾਲ ਭੇਦਭਾਵ ਦੀ ਨੀਤੀ ਅਪਣਾਈ ਹੈ, ਜੋ ਲੋਕਾਂ ਦੇ ਜ਼ਖ਼ਮਾਂ ’ਤੇ ਨਮਕ ਛਿੜਕਣ ਦੇ ਬਰਾਬਰ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਹਮੇਸ਼ਾ ਦੇਸ਼ ਦੀ ਖੁਰਾਕ ਗੋਦਾਮ ਰਿਹਾ ਹੈ ਅਤੇ ਹਰ ਸੰਕਟ ਵਿੱਚ ਦੇਸ਼ ਲਈ ਅੱਗੇ ਵੱਧ ਕੇ ਕੁਰਬਾਨੀਆਂ ਦਿੱਤੀਆਂ ਹਨ। ਇਸਦੇ ਬਾਵਜੂਦ, ਜਦੋਂ ਪੰਜਾਬ ਖੁਦ ਮੁਸ਼ਕਲ ਘੜੀਆਂ ਵਿਚ ਹੈ, ਤਾਂ ਕੇਂਦਰ ਵੱਲੋਂ ਇਸ ਤਰ੍ਹਾਂ ਦਾ ਤੋਹੀਨਜਨਕ ਪੈਕੇਜ ਦੇਣਾ ਬਹੁਤ ਹੀ ਨਿਰਾਸ਼ਾਜਨਕ ਹੈ। ਇਹ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਮਹਨਤ ਨਾਲ ਕੀਤੀ ਜਾ ਰਹੀ ਬੇਇਜ਼ਤੀ ਹੈ।
ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਸਪਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਲੋਕਾਂ ਦੀ ਅਵਾਜ਼ ਬਣ ਕੇ ਕੇਂਦਰ ਤੱਕ ਇਹ ਸੁਨੇਹਾ ਪਹੁੰਚਾਉਂਦੀ ਰਹੇਗੀ। ਉਨ੍ਹਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਤੁਰੰਤ ਨੁਕਸਾਨ ਦੀ ਹਕੀਕਤੀ ਅੰਦਾਜ਼ੇ ਮੁਤਾਬਕ ਵੱਡਾ ਪੈਕੇਜ ਐਲਾਨਣਾ ਚਾਹੀਦਾ ਹੈ, ਨਹੀਂ ਤਾਂ ਪੰਜਾਬ ਦੇ ਲੋਕ ਇਸਨੂੰ ਮਾਫ਼ ਨਹੀਂ ਕਰਨਗੇ।





