ਮਾਰਕਫੈੱਡ ਨੇ ਬੋਕਾਰੋ ਅਤੇ ਹਜ਼ੀਰਾ ਤੋਂ ਆਕਸੀਜਨ ਸਪਲਾਈ ਲਿਆਉਣ ਦੇ ਕਾਰਜ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ: ਰੰਧਾਵਾ
May 21st, 2021 | Post by :- | 262 Views

ਚੰਡੀਗੜ੍ਹ, 21 ਮਈ:    ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਅਤੇ ਆਕਸੀਜਨ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਮਾਰਕਫੈੱਡ ਨੇ ਆਕਸੀਜਨ ਐਕਸਪ੍ਰੈਸਾਂ ਜ਼ਰੀਏ  ਬੋਕਾਰੋ ਅਤੇ ਹਜ਼ੀਰਾ ਤੋਂ ਸੂਬੇ ਲਈ ਢੁੱਕਵੀਆਂ ਆਕਸੀਜਨ ਸਪਲਾਈਆਂ ਯਕੀਨੀ ਬਣਾਉਣ ਦੇ ਕਾਰਜ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਸਹਿਕਾਰਤਾ ਅਤੇ ਜੇਲ੍ਹਾਂ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਾਰਕਫੈਡ ਨੂੰ ਆਕਸੀਜਨ ਲਿਆਉਣ ਦਾ ਜ਼ਿੰਮਾ ਸੌਂਪਿਆ ਸੀ ਜਿਸਨੇ ਦੋ ਦਿਨਾਂ ਦੇ ਥੋੜ੍ਹੇ ਸਮੇਂ ਵਿੱਚ ਆਕਸੀਜਨ ਦਾ ਪ੍ਰਬੰਧ ਕਰਕੇ ਆਪਣੀਆਂ ਸਮਰੱਥਾਵਾਂ ਨੂੰ ਸਾਬਤ ਕੀਤਾ ਹੈ। ਸ. ਰੰਧਾਵਾ ਨੇ ਕਿਹਾ, ”ਰੇਲਵੇ/ਕੌਨਕੋਰ ਨਾਲ, ਵੱਖ-ਵੱਖ ਡਵੀਜ਼ਨਾਂ ਜਿਵੇਂ ਕਿ ਉੱਤਰੀ/ਪੱਛਮੀ/ਪੂਰਬੀ ਵਿਚ ਸੰਪਰਕ ਅਤੇ ਤਾਲਮੇਲ ਕਰਨਾ ਇਕ ਚੁਣੌਤੀ ਸੀ। ਇਸ ਤੋਂ ਇਲਾਵਾ ਇੰਨੇ ਥੋੜ੍ਹੇ  ਸਮੇਂ ਵਿਚ ਸਾਰੀਆਂ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨਾ ਅਤੇ ਬੋਰਡ ‘ਤੇ ਹੈਂਡਲਰਾਂ ਦੀਆਂ ਸੇਵਾਵਾਂ ਲੈਣਾ ਵੀ ਇੱਕ ਚੁਣੌਤੀ ਭਰਿਆ ਕਾਰਜ ਸੀ ਪਰ ਮਾਰਕਫੈਡ ਇਸ ਮੌਕੇ ਇੱਕ ਸੱਚੇ ਯੋਧਾ ਦੀ ਤਰ੍ਹਾਂ ਉੱਭਰ ਕੇ ਸਾਹਮਣੇ ਆਇਆ।” ਉਨ੍ਹਾਂ ਸਮੁੱਚੀ ਮਾਰਕਫੈਡ ਟੀਮ ਨੂੰ ਵਧਾਈ ਦਿੱਤੀ।

ਸਹਿਕਾਰਤਾ ਮੰਤਰੀ ਨੇ ਅੱਗੇ ਕਿਹਾ ਕਿ ਮਹਾਂਮਾਰੀ ਦੇ ਇਨ੍ਹਾਂ ਚੁਣੌਤੀ ਭਰੇ ਹਾਲਾਤਾਂ ਦੌਰਾਨ ਕੋਵਿਡ-19 ਤੋਂ ਪੀੜਤ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਲਈ ਆਕਸੀਜਨ ਦੀ ਸਪਲਾਈ ਸਭ ਤੋਂ ਵੱਡੀ ਜ਼ਰੂਰਤ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ, ਪੰਜਾਬ ਵਿੱਚ ਲਕਿਊਡ ਮੈਡੀਕਲ ਆਕਸੀਜਨ (ਐਲ.ਐਮ.ਓ.) ਦਾ ਉਤਪਾਦਨ ਕਰਨ ਵਾਲਾ ਇੱਕ ਵੀ ਵੱਡਾ ਪਲਾਂਟ ਨਹੀਂ ਹੈ ਜਿਸ ਨਾਲ ਸੂਬੇ ਨੂੰ ਬੋਕਾਰੋ/ਹਜ਼ੀਰਾ, ਜੋ ਕਿ 1500 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ, ਤੋਂ ਕ੍ਰਾਇਓਜੈਨਿਕ ਟੈਂਕਰਾਂ ਰਾਹੀਂ ਆਕਸੀਜਨ ਦਾ ਕੋਟਾ ਚੁੱਕਣ ਲਈ ਮਜਬੂਰ ਹੋਣਾ ਪਿਆ ਜੋ ਕਿ ਕਾਫ਼ੀ ਮੁਸ਼ਕਿਲ ਭਰਿਆ ਕਾਰਜ ਹੈ। ਸ. ਰੰਧਾਵਾ ਨੇ ਕਿਹਾ ਕਿ ਰਾਜ ਵਿਚ ਆਕਸੀਜਨ ਦੀ ਸਪਲਾਈ ਵਧਾਉਣ ਲਈ ਚਾਰ ਹੋਰ ਕੰਟੇਨਰ ਸ਼ਾਮਲ ਕੀਤੇ ਜਾ ਰਹੇ ਹਨ।

ਮਾਰਕਫੈੱਡ ਨੇ ਐਲ.ਐਮ.ਓ. ਦੀ ਸਪਲਾਈ ਅਤੇ ਵੰਡ ਦੇ ਪ੍ਰਬੰਧਾਂ ਅਤੇ ਤਾਲਮੇਲ ਕਰਨ ਲਈ ਬੋਕਾਰੋ ਅਤੇ ਹਜ਼ੀਰਾ ਵਾਸਤੇ ਅਧਿਕਾਰੀਆਂ ਦੀਆਂ ਦੋ ਟੀਮਾਂ ਨਿਯੁਕਤ ਕੀਤੀਆਂ। ਇਸ ਤੋਂ ਇਲਾਵਾ ਮਾਰਕਫੈਡ ਦੇ ਐਮ.ਡੀ. ਸ੍ਰੀ ਵਰੁਣ ਰੂਜਮ ਦੀ ਅਗਵਾਈ ਹੇਠ ਮੁੱਖ ਦਫਤਰ ਵਿਖੇ ਮਾਰਕਫੈਡ ਦੇ ਅਧਿਕਾਰੀਆਂ ਦੀ ਟੀਮ ਇਸ ਕਾਰਜ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਦਿਨ ਰਾਤ ਕੰਮ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਮਾਰਕਫੈਡ ਨੂੰ 13 ਮਈ, 2021 ਨੂੰ ਰੇਲਵੇ ਰਾਹੀਂ ਆਕਸੀਜਨ ਦੀ ਵਿਵਸਥਾ ਅਤੇ ਸਪਲਾਈ ਲਈ ਨਿਰਦੇਸ਼ ਦਿੱਤੇ ਸਨ। ਮਾਰਕਫੈਡ ਟੀਮ ਦੇ ਠੋਸ ਯਤਨਾ ਸਦਕਾ ਪਹਿਲੀ ਆਕਸੀਜਨ ਐਕਸਪ੍ਰੈਸ ਬੋਕਾਰੋ ਲਈ 14 ਮਈ ਦੀ ਅੱਧੀ ਰਾਤ ਨੂੰ ਰਵਾਨਾ ਹੋਈ ਅਤੇ ਇਹ ਬੋਕਾਰੋ ਤੋਂ ਆਕਸੀਜਨ ਲੈ ਕੇ 17 ਮਈ ਨੂੰ ਫਿਲੌਰ ਪਰਤੀ। ਇਸ ਤੋਂ ਇਲਾਵਾ ਦੂਜੀ ਆਕਸੀਜਨ ਐਕਸਪ੍ਰੈਸ 19 ਮਈ ਨੂੰ ਹਜ਼ੀਰਾ ਤੋਂ ਬਠਿੰਡਾ ਕੈਂਟ ਵਿਖੇ ਪਹੁੰਚੀ ਜਦੋਂ ਕਿ ਤੀਜੀ ਆਕਸੀਜਨ ਐਕਸਪ੍ਰੈਸ 20 ਮਈ ਨੂੰ ਬੋਕਾਰੋ ਤੋਂ ਫਿਲੌਰ ਪਹੁੰਚੀ।

ਇਸੇ ਤਰ੍ਹਾਂ ਚੌਥੀ ਆਕਸੀਜਨ ਐਕਸਪ੍ਰੈਸ ਹਜ਼ੀਰਾ ਤੋਂ ਆਕਸੀਜਨ ਲਿਆਉਣ ਲਈ 20 ਮਈ ਨੂੰ ਬਠਿੰਡਾ ਕੈਂਟ ਤੋਂ ਰਵਾਨਾ ਹੋਈ ਹੈ ਅਤੇ 22 ਮਈ, 2021 ਨੂੰ ਬਠਿੰਡਾ ਵਾਪਸ ਪਰਤੇਗੀ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।