ਫਰਜ਼ੀ ਬੀਮਾ ਪਾਲਸੀਆਂ ਦੇ ਨਾਮ ਤੇ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ।
August 20th, 2019 | Post by :- | 366 Views
ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ ‘ਤੇ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼
ਪੁਰਾਣੇ ਬੀਮਾ ਏਜੰਟਾਂ ਤੋਂ ਪ੍ਰਾਪਤ ਕਰਦੇ ਸਨ ਆਮ ਲੋਕਾਂ ਦੀ ਜਾਣਕਾਰੀ
– ਕਈ ਫਰਜ਼ੀ ਕੰਪਨੀਆਂ ਬਣਾਕੇ ਮਾਰਦੇ ਸਨ ਠੱਗੀ
– ਇਕੋ ਵਿਅਕਤੀ ਨਾਲ 49 ਲੱਖ ਦੀ ਠੱਗੀ ਦੇ ਦੋਸ਼ ‘ਚ ਤਿੰਨ ਵਿਅਕਤੀ ਗ੍ਰਿਫ਼ਤਾਰ
– ਠੱਗੀ ਦੀ ਕਮਾਈ ਦਾ ਕੁਝ ਹਿੱਸਾ ਦਾਨ ਦੇਣ ਲਈ ਬਣਾਇਆ ਸੀ ਟਰੱਸਟ
ਪਟਿਆਲਾ ( ਕੁਲਜੀਤ ਸਿੰਘ )   :   ਆਮ ਲੋਕਾਂ ਨਾਲ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ ‘ਤੇ ਪੈਸੇ ਦੁੱਗਣੇ ਕਰਨ ਦਾ ਲਾਲਚ ਦੇਕੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਟਿਆਲਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਐਸ.ਪੀ. ਇੰਨਵੈਸਟੀਗੇਸ਼ਨ ਸ੍ਰੀ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਆਨ-ਲਾਈਨ ਠੱਗੀ ਕਰਨ ਵਾਲਿਆਂ ਖਿਲਾਫ਼ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿੱਢੀ ਮੁਹਿੰਮ ਤਹਿਤ ਡੀ.ਐਸ.ਪੀ-1 ਸ੍ਰੀ ਯੋਗੇਸ਼ ਕੁਮਾਰ ਦੀ ਨਿਗਰਾਨੀ ਹੇਠ ਥਾਣਾ ਡਵੀਜਨ ਨੰਬਰ-2 ਦੀ ਪੁਲਿਸ ਟੀਮ ਨੇ ਫਰਜ਼ੀ ਬੀਮਾ ਪਾਲਿਸੀ ਦੇ ਨਾਮ ‘ਤੇ ਲੱਖਾ ਸਿੰਘ ਵਾਸੀ ਪਿੰਡ ਬੰਨਭੋਰੀ ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਨਾਲ ਹੋਈ 49 ਲੱਖ 25 ਹਜ਼ਾਰ 212 ਰੁਪਏ ਦੀ ਠੱਗੀ ਦੇ ਕੇਸ਼ ਵਿਚ ਬੀਮਾ ਪਾਲਿਸੀ ਦੇ ਨਾਮ ‘ਤੇ ਠੱਗੀ ਮਾਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਨ੍ਹਾਂ ਵਿਚੋਂ ਦੋਸ਼ੀ ਗਗਨ ਸੱਚਦੇਵਾ ਪੁੱਤਰ ਕਸ਼ਮੀਰ ਸਿੰਘ ਵਾਸੀ ਅੰਬਾਲਾ ਕੈਂਟ ਹਰਿਆਣਾ ਅਤੇ ਅਮਿਤ ਕੁਮਾਰ ਪੁੱਤਰ ਰਾਮ ਨਿਵਾਸ ਵਾਸੀ ਪਿੰਡ ਪਨੇਹੜਾ ਥਾਣਾ ਕੋਟ ਪੁਤਲੀ ਜ਼ਿਲ੍ਹਾ ਜੈਪੁਰ ਰਾਜਸਥਾਨ ਨੂੰ ਅਦਾਲਤ ‘ਚ ਪੇਸ਼ ਕਰਕੇ ਅੱਠ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਦਿਪੇਸ਼ ਗੋਇਲ ਵਾਸੀ ਚੰਡੀਗੜ ਨੂੰ ਅਦਾਲਤ ਵਿਚ ਪੇਸ਼ ਕਰਕੇ ਅੱਜ ਰਿਮਾਂਡ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਇਨ੍ਹਾਂ ਮੰਨਿਆ ਹੈ ਕਿ ਠੱਗੀ ਮਾਰਨ ਲਈ ਇਹ ਆਮ ਲੋਕਾਂ ਦੀ ਜਾਣਕਾਰੀ ਸਾਬਕਾ ਬੀਮਾ ਏਜੰਟਾਂ ਤੋਂ ਪ੍ਰਾਪਤ ਕਰਕੇ ਉਨ੍ਹਾਂ ਲੋਕਾਂ ਨੂੰ ਫੋਨ ਕਰਕੇ ਆਪਣੇ ਝਾਂਸੇ ਵਿਚ ਫਸਾਉਂਦੇ ਸਨ।
ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਐਸ.ਪੀ. ਇੰਨਵੈਸਟੀਗੇਸ਼ਨ ਸ੍ਰੀ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਲੱਖਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਬੰਨਭੋਰੀ ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ, ਜੋ ਨਵੰਬਰ 1999 ਵਿਚ ਸਰਕਾਰੀ ਹਾਈ ਸਕੂਲ ਜੋਗੀਪੁਰ ਜ਼ਿਲ੍ਹਾ ਪਟਿਆਲਾ ਤੋਂ ਬਤੌਰ ਮਾਸਟਰ ਸੇਵਾਮੁਕਤ ਹੋਏ ਸਨ ਉਨ੍ਹਾਂ ਨੂੰ ਮਿਤੀ 15-01-2014 ਤੋਂ ਪ੍ਰਿਆ ਸ਼ਰਮਾ ਨਾਮ ਦੀ ਲੜਕੀ ਨੇ ਮੋਬਾਇਲ ਫੋਨ ਤੋਂ ਲੱਖਾ ਸਿੰਘ ਨੂੰ ਐਚ.ਡੀ.ਐਫ.ਸੀ. ਬੈਂਕ ਵਿੱਚ ਬੀਮਾ ਪਾਲਿਸੀ ਕਰਾਉਣ ਸਬੰਧੀ ਗੱਲਬਾਤ ਕੀਤੀ ਅਤੇ ਉਸ ਲੜਕੀ ਨੇ ਬੀਮਾ  ਪਾਲਿਸੀ ਵਿੱਚ ਵੱਧ ਮੁਨਾਫਾ ਮਿਲਣ ਦਾ ਝਾਂਸਾ ਦੇ ਕੇ ਲੱਖਾ ਸਿੰਘ ਦੇ ਭਤੀਜੇ ਦਵਿੰਦਰ ਸਿੰਘ ਦੀ ਐਚ.ਡੀ.ਐਫ.ਸੀ. ਬੀਮਾ ਕੰਪਨੀ ਵਿੱਚ 3 ਸਾਲ ਦੀ ਪਾਲਿਸੀ ਕਰਵਾ ਦਿੱਤੀ, ਜਿਸ ਦਾ ਪ੍ਰੀਮੀਅਮ 30,000 ਰੁਪਏ ਲੱਖਾ ਸਿੰਘ ਦੇ ਇੰਡੀਅਨ ਓਵਰਸੀਜ਼ ਬੈਂਕ ਬਰਾਂਚ ਛੋਟੀ ਬਾਰਾਂਦਰੀ ਦੇ ਬੈਂਕ ਖਾਤੇ ਵਿੱਚੋ ਕਟਿਆ ਗਿਆ ਅਤੇ ਪਾਲਿਸੀ ਦੀ ਕਾਪੀ ਲੱਖਾ ਸਿੰਘ ਨੂੰ ਮਿਲ ਗਈ ਸੀ। ਜਿਸ ਦੀ ਮਿਚਓਰਟੀ 3 ਸਾਲ ਪੂਰੇ ਹੋਣ ‘ਤੇ ਮਿਲਣੀ ਸੀ। ਉਨ੍ਹਾਂ ਦੱਸਿਆ ਕਿ ਫਿਰ ਉਸ ਪ੍ਰਿਆ ਨਾਮ ਦੀ ਲੜਕੀ ਨੇ ਲੱਖਾ ਸਿੰਘ ਨੂੰ ਫੋਨ ਕੀਤਾ ਕਿ ਤੁਸੀ ਪਾਵਰ 99 ਕੰਪਨੀ ਵਿੱਚ 20,000 ਰੁਪਏ ਲਗਾਓ। ਇਹ ਪੈਸਿਆ ਦੇ ਤਹਾਨੂੰ ਪੈਨਸ਼ਨ ਦੇ ਰੂਪ ਵਿੱਚ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ। ਜਿਸ ਤੇ ਲੱਖਾ ਸਿੰਘ ਨੇ ਬੈਂਕ ਚੈੱਕ ਰਾਹੀ 20,000 ਭਰ ਦਿੱਤਾ। ਇਸੇ ਤਰ੍ਹਾਂ ਗੁਰਦੀਪ ਸਿੰਘ ਨਾਮ ਦੇ ਨਾਮਲੂਮ ਵਿਅਕਤੀ ਨੇ ਲੱਖਾ ਸਿੰਘ ਨੂੰ ਕੋਟਿਕ ਮਹਿੰਦਰਾ ਕੰਪਨੀ ਵਿੱਚ ਬੀਮਾ ਪਾਲਿਸੀ ਕਰਵਾ ਕੇ ਵੱਧ ਮੁਨਾਫਾ ਦੇਣ ਦਾ ਝਾਂਸਾ ਦੇ ਕੇ 43 ਹਜ਼ਾਰ ਰੁਪਏ ਦੀ ਪਾਲਿਸੀ ਕਰਵਾ ਦਿੱਤੀ। ਇਸ ਤੋ ਇਲਾਵਾ ਹੋਰ ਵਿਅਕਤੀਆਂ ਵੱਲੋ ਗਿਰੋਹ ਬਣਾ ਕੇ ਮੋਬਾਇਲ ਫੋਨ ਰਾਹੀ ਲੱਖਾ ਸਿੰਘ ਨੂੰ ਵਿਸ਼ਵਾਸ਼ ਵਿੱਚ ਲੈ ਕੇ ਵੱਧ ਮੁਨਾਫਾ ਦੇਣ ਦਾ ਝਾਂਸਾ ਦੇ ਕੇ ਕੁੱਲ 49 ਲੱਖ 25,212 ਰੁਪਏ ਵੱਖ-ਵੱਖ ਫਰਜ਼ੀ ਕੰਪਨੀਆਂ ਦੇ ਬੈਂਕ ਖਾਤਿਆ ਵਿੱਚ ਜਮ੍ਹਾ ਕਰਵਾ ਕੇ ਠੱਗੀ ਮਾਰੀ ਹੈ।
ਐਸ.ਪੀ. ਨੇ ਦੱਸਿਆ ਕਿ ਇਸ ਸਬੰਧੀ ਇੱਕ ਮੁਕੱਦਮਾ ਥਾਣਾ ਕੋਤਵਾਲੀ ਪਟਿਆਲਾ ਵਿਖੇ ਦਰਜ਼ ਕਰਕੇ ਡੂੰਘਾਈ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਅਤੇ ਇਸ ਮੁਕੱਦਮਾ ਦੇ ਦੋਸ਼ੀ ਗਗਨ ਸੱਚਦੇਵਾ ਪੁੱਤਰ ਕਸ਼ਮੀਰ ਸਿੰਘ ਵਾਸੀ ਅੰਬਾਲਾ ਕੈਂਟ ਹਰਿਆਣਾ ਨੂੰ ਅੰਬਾਲਾ (ਹਰਿਆਣਾ), ਅਮਿਤ ਕੁਮਾਰ ਪੁੱਤਰ ਰਾਮ ਨਿਵਾਸ ਵਾਸੀ ਪਿੰਡ ਪਨੇਹੜਾ ਥਾਣਾ ਕੋਟ ਪੁਤਲੀ ਜਿਲ਼੍ਹਾ ਜੈਪੁਰ ਰਾਜਸਥਾਨ ਨੂੰ ਪਹਾੜਗੰਜ ਦਿੱਲੀ ਅਤੇ ਦਿਪੇਸ਼ ਗੋਇਲ ਵਾਸੀ ਚੰਡੀਗੜ ਨੂੰ ਮਨੀਮਾਜਰਾ ਚੰਡੀਗੜ੍ਹ ਤੋ ਗ੍ਰਿਫਤਾਰ ਕੀਤਾ ਗਿਆ ਹੈ।
ਐਸ.ਪੀ. ਨੇ ਦੱਸਿਆ ਕਿ ਦੋਸ਼ੀ ਗਗਨ ਸੱਚਦੇਵਾ, ਅਮਿਤ ਕੁਮਾਰ ਅਤੇ ਦੀਪੇਸ਼ ਗੋਇਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ। ਜਿਸ ਵਿੱਚ ਉਹਨਾਂ ਵੱਲੋ ਬੀਮਾ ਕੰਪਨੀਆਂ ਦੇ ਸਾਬਕਾ ਕਰਮਚਾਰੀਆਂ ਦੀ ਮਦਦ ਲੈ ਕੇ ਆਮ ਪਬਲਿਕ ਦੀਆ ਬੀਮਾ ਪਾਲਿਸੀਆ ਦਾ ਡਾਟਾ ਚੋਰੀ ਕਰਕੇ ਉਨ੍ਹਾਂ ਦੇ ਮੋਬਾਇਲ ਫੋਨ ਰਾਹੀ ਸੰਪਰਕ ਕਰਕੇ ਫਰਜ਼ੀ ਕੰਪਨੀਆਂ ਦੀਆ ਫਰਜ਼ੀ ਬੀਮਾ ਪਾਲਸੀਆਂ ਵਿੱਚ ਵੱਧ ਮੁਨਾਫਾ ਦੇਣ ਦਾ ਝਾਂਸਾ ਦੇ ਫਰਜੀ ਕੰਪਨੀਆ ਦੇ ਫਰਜੀ ਖਾਤਿਆਂ ਰਾਹੀ ਮੋਟੀ ਰਕਮ ਵਸੂਲਦੇ ਹਨ। ਇਸ ਤਰੀਕੇ ਨਾਲ ਹਾਸਲ ਕੀਤੀ ਗਈ ਰਕਮ ਇਹਨਾਂ ਵੱਲੋ ਫਰਜੀ ਪਤੇ ਦੇ ਕੇ ਖੋਲ੍ਹੇ ਹੋਏ ਬੈਂਕ ਖਾਤਿਆ ਵਿੱਚ ਜਮ੍ਹਾ ਕਰਵਾਈ ਜਾਂਦੀ ਹੈ। ਜੋ ਇਹ ਫਰਜ਼ੀ ਖਾਤਿਆਂ ਵਿੱਚੋ ਪੈਸੇ ਆਨ ਲਾਇਨ ਆਪਣੇ ਖਾਤਿਆ ਵਿੱਚ ਟਰਾਸਫਰ ਕਰ ਲੈਂਦੇ ਹਨ। ਇਸ ਕੰਮ ਲਈ ਇਨ੍ਹਾਂ ਵੱਲੋ ਵੱਖ-ਵੱਖ ਜਗ੍ਹਾ ‘ਤੇ ਕਾਲ ਸੈਂਟਰ ਖੋਲ ਕੇ ਪੜ੍ਹੇ ਲਿਖੇ ਲੋਕਾਂ ਨੂੰ ਟਰੇਨਿੰਗ ਦੇ ਕੇ ਫਰਜ਼ੀ ਵਾੜੇ ਦੇ ਇਸ ਕੰਮ ਵਿੱਚ ਲਗਾਇਆ ਹੋਇਆ ਸੀ, ਜੋ ਚੋਰੀ ਕੀਤੇ ਹੋਏ ਡਾਟਾ ਵਿੱਚੋ ਗ੍ਰਾਹਕ ਤਲਾਸ਼ ਕਰਕੇ ਉਹਨਾਂ ਦੇ ਫੋਨ ਨੰਬਰਾਂ ‘ਤੇ ਲੱਛੇਦਾਰ ਭਾਸ਼ਾਂ ਦੀ ਵਰਤੋ ਕਰਕੇ ਆਪਣੇ ਝਾਂਸੇ ਵਿੱਚ ਫਸਾ ਲੈਦੇ ਹਨ। ਇਨ੍ਹਾਂ ਕਾਲ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਵਿੱਚੋ ਸੰਦੀਪ ਮਿਸ਼ਰਾਂ, ਇੰਦੂ, ਮਿਨਾਕਸ਼ੀ, ਰਮੇਸ਼ ਠਾਕੁਰ, ਨਵੀਨ, ਰੀਨਾ ਪਾਂਡੇ ਅਤੇ ਕੁਝ ਹੋਰ ਦੇ ਨਾਮ ਸਾਹਮਣੇ ਆਏ ਹਨ।
ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਕਾਲਿੰਗ ਸੈਂਟਰਾ ਦਾ ਕੰਮ ਕਾਜ ਦੋਸ਼ੀ ਦਿਪੇਸ ਗੋਇਲ ਦੇਖਦਾ ਹੈ ਅਤੇ ਫਰਜ਼ੀ ਕੰਪਨੀਆਂ ਦੇ ਫਰਜ਼ੀ ਖਾਤਿਆਂ ਦਾ ਕੰਮ ਕਾਜ ਅਮਿਤ ਕੁਮਾਰ ਦੇਖਦਾ ਹੈ। ਅਮਿਤ ਕੁਮਾਰ ਨੇ ਗਗਨ ਸੱਚਦੇਵਾ ਵਾਸੀ ਅੰਬਾਲਾ ਕੈਂਟ ਦੇ ਦਸਤਾਵੇਜ ਹਾਸਲ ਕਰਕੇ ਉਸਦੇ ਨਾਮ ‘ਤੇ ਫਰਜੀ ਕੰਪਨੀ ਕਲੱਬ ਵੈਲਿਯੂ ਸਰਵਿਸ, ਵੀਰ ਸਾਵਕਰ ਬਲਾਕ ਸ਼ਕਰਪੁਰ ਨੇੜੇ ਲ਼ਕਛਮੀ ਨਗਰ ਦਿੱਲੀ ਵਿੱਖੇ ਰਜਿਸਟਰਡ ਕਰਵਾਈ ਹੋਈ ਹੈ। ਜਿਸ ਦਾ ਪ੍ਰੋਪਰਾਈਟਰ ਗਗਨ ਸੱਚਦੇਵਾ ਸੀ ਅਤੇ ਕੰਪਨੀ ਦਾ ਸੁਵਾਸਤਿਆ ਵਿਹਾਰ (ਪ੍ਰੀਤ ਵਿਹਾਰ) ਦਿੱਲੀ ਵਿੱਖੇ ਐਕਸਿਸ ਬੈਂਕ ਵਿੱਚ ਖਾਤਾ ਗਗਨ ਸੱਚਦੇਵਾ ਦੇ ਨਾਮ ‘ਤੇ ਖੁਲਵਾਇਆ ਗਿਆ ਹੈ। ਜਿਸ ਵਿੱਚ ਲੱਖਾ ਸਿੰਘ ਦੇ 5 ਲੱਖ ਰੁਪਏ ਸਿੱਧੇ ਤੌਰ ਤੇ ਪੁਆਏ ਸੀ ਅਤੇ ਲੱਖਾ ਸਿੰਘ ਪਾਸੋ ਬਾਕੀ ਰੁਪਏ ਵੱਖ-ਵੱਖ ਤਰੀਕਿਆਂ ਨਾਲ ਆਪਣੀਆਂ ਹੋਰ ਫਰਜ਼ੀ ਕੰਪਨੀਆ ਦੇ ਫਰਜ਼ੀ ਇੰਡੀਅਨ ਓਵਰਸੀਜ ਬੈਂਕ ਛੋਟੀ ਬਾਰਾਂਦਰੀ ਪਟਿਆਲਾ, ਸਟੇਟ ਬੈਂਕ ਪਟਿਆਲਾ ਦੀ ਬਰਾਚ ਧਰਮਪੁਰਾ ਬਾਜਾਰ ਦੇ ਫਰਜ਼ੀ ਖਾਤਿਆ ਵਿਚ ਕੁੱਲ 44 ਲੱਖ ਰੁਪਏ ਜਮ੍ਹਾ ਕਰਵਾਏ ਅਤੇ ਇਸ ਤਰੀਕੇ ਨਾਲ ਲੱਖਾ ਸਿੰਘ ਨਾਲ ਦੋਸ਼ੀਆਂ ਨੇ ਕਰੀਬ 49 ਲੱਖ 25 ਹਜ਼ਾਰ 212 ਰੁਪਏ ਦੀ ਠੱਗੀ ਮਾਰੀ ਹੈ।
ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵੱਲੋ ਵੱਖ-ਵੱਖ ਸ਼ਹਿਰਾਂ ਵਿੱਚ ਕਲੱਡ ਵੈਲਿਉ ਸਰਵਿਸ, ਪਾਵਰ 99, ਡੈਵਿਸ਼ ਵੈਲਿਉ ਕਾਰਡ ਪ੍ਰਾਈਵੈਟ ਲਿਮਟਿਡ, ਫੰਡ ਸੋਲੂਏਸ਼ਨ ਨਵੀ ਦਿੱਲੀ, ਆਈ.ਡੀ.ਏ ਸਰਵਿਸਜ ਗੁੜਗਾਉ, ਆਈ.ਐਫ ਸੈਲੂਏਸ਼ਨ ਗੁੜਗਾਉ, ਆਲ ਸੈਲੂਏਸ਼ਨ ਨਵੀ ਦਿੱਲੀ, ਐਫ-1 ਕੇਅਰ ਫਰੀਦਾਬਾਦ, ਐਲਰ ਟਰਿੱਪਰ ਇੰਡੀਆ ਨਿਉ ਦਿੱਲੀ ਆਦਿ ਨਾਮ ਦੀਆ ਫਰਜੀ ਕੰਪਨੀਆ ਖੋਲੀਆ ਹੋਈਆ ਹਨ ਅਤੇ ਇਨ੍ਹਾਂ ਦੋਸ਼ੀਆਂ ਵੱਲੋ ਇਹ ਫਰਜ਼ੀ ਕੰਪਨੀਆਂ ਬਣਾ ਕੇ ਭੋਲੇ ਭਾਲੇ ਲੋਕਾਂ ਪਾਸੋ ਕਰੋੜਾਂ ਰੁਪਏ ਹੱੜਪ ਕੀਤੇ ਗਏ ਹਨ। ਇਸ ਤਰੀਕੇ ਨਾਲ ਠੱਗੇ ਗਏ ਪੈਸਿਆ ਵਿੱਚੋ 60% ਦੀਪੇਸ਼ ਗੋਇਲ ਰੱਖ ਲੈਦਾ ਸੀ ਅਤੇ 40% ਅਮਿਤ ਕੁਮਾਰ ਨੂੰ ਦੇ ਦਿੰਦਾ ਸੀ। ਜੋ ਅਮਿਤ ਅਤੇ ਗਗਨ ਸੱਚਦੇਵਾ ਪਾਸ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਇੰਨਾਂ ਵੱਲੋਂ ਠੱਗੀ ਦੇ ਪੈਸਿਆ ਵਿਚੋਂ ਕੁਝ ਪੈਸੇ ਦਾਨ ਕਰਨ ਦੇ ਮਕਸਦ ਨਾਲ ਇਕ ਟਰਸਟ ਬਣਾਇਆ ਗਿਆ ਸੀ ਜਿਸ ਵਿਚ ਹੈ ਬੱਚਿਆਂ ਦੀ ਫੀਸਾਂ ਅਤੇ ਕਿਤਾਬਾਂ ਬੱਚਿਆ ਨੂੰ ਖਰੀਦ ਕੇ ਦਿੰਦੇ ਸਨ।
ਐਸ.ਪੀ. ਨੇ ਦੱਸਿਆ ਕਿ ਦੋੋਸ਼ੀ ਗਗਨ ਸੱਚਦੇਵਾ ਅਤੇ ਅਮਿਤ ਕੁਮਾਰ ਨੂੰ ਪੇਸ਼ ਅਦਾਲਤ ਕਰਕੇ ਅੱਠ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੋਇਆ ਹੈ ਅਤੇ ਤੀਸਰੇ ਦੋਸ਼ੀ ਦੀਪੇਸ਼ ਗੋਇਲ ਵਾਸੀ ਚੰਡੀਗੜ੍ਹ ਨੂੰ ਅੱਜ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਕਾਲੇ ਕਾਰੋਬਾਰ ਵਿੱਚ ਲੱਗੇ ਹੋਏ ਹੋਰ ਵਿਅਕਤੀਆਂ ਅਤੇ ਠੱਗੇ ਗਏ ਹੋਰ ਵਿਅਕਤੀਆਂ ਬਾਰੇ ਹੋਰ ਜਾਣਕਾਰੀ ਹੋਣ ਦੀ ਉਮੀਦ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।