ਆਤਮ ਨਿਰਭਰ ਬਣਕੇ ਜ਼ਿਲ੍ਹੇ ਦੇ ਹੋਰ ਪਿੰਡਾਂ ਲਈ ਪ੍ਰੇਰਣਾ ਸਰੋਤ ਬਣਿਆ ਪਿੰਡ ਖਾਨਪੁਰ ਥਿਆੜਾ
February 2nd, 2021 | Post by :- | 64 Views

ਹੁਸ਼ਿਆਰਪੁਰ, 2 ਫਰਵਰੀ :      ਜ਼ਿਲ੍ਹੇ ਦੇ ਪਿੰਡ ਖਾਨਪੁਰ ਥਿਆੜਾ ਦੇ ਲੋਕਾਂ ਨੂੰ ਕਿਸੇ ਸਮੇਂ ਪੀਣ ਦਾ ਸਾਫ ਪਾਣੀ ਮੁਹੱਈਆਂ ਨਹੀਂ ਸੀ ਹੁੰਦਾ ਪਰ ਅੱਜ ਪਿੰਡ ਆਪਣੀ ਵਾਟਰ ਸਪਲਾਈ ਦੀ ਸੁਚਾਰੂ ਯੋਜਨਾ ਦੇ ਚੱਲਦੇ ਆਤਮ ਨਿਰਭਰ ਬਣ ਕੇ ਹੋਰ ਪਿੰਡਾਂ ਲਈ ਰੋਲ ਮਾਡਲ ਦੇ ਤੌਰ ’ਤੇ ਉਭਰਿਆ ਹੈ ਜਿਸ ਦਾ ਕਰੈਡਿਟ ਪਿੰਡ ਦੇ ਸੂਝਵਾਨ ਨਾਗਰਿਕਾਂ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਜਾਂਦਾ ਹੈ। ਜਲੰਧਰ ਰੋਡ ’ਤੇ ਸਥਿਤ ਹੁਸ਼ਿਆਰਪੁਰ ਬਲਾਕ-2 ਦੇ ਤਹਿਤ ਆਉਂਦੇ ਇਸ ਪਿੰਡ ਦੇ ਲੋਕ ਵਾਟਰ ਸਪਲਾਈ ਸਕੀਮ ਸ਼ੁਰੂ ਹੋਣ ਤੋਂ ਪਹਿਲਾਂ ਜ਼ਮੀਨ ਹੇਠਲਾ ਪਾਣੀ ਪੀਣ ਲਈ ਮਜ਼ਬੂਰ ਸਨ, ਜਿਸ ਕਾਰਨ ਪਿੰਡ ਦੇ ਲੋਕ ਅਕਸਰ ਪੀਲੀਆ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਰਹਿੰਦੇ ਸਨ, ਪਰ ਸਾਲ 2010 ਵਿੱਚ ਜਲ ਸਪਲਾਈ ਸ਼ੁਰੂ ਹੋਣ ਨਾਲ ਜਿਥੇ ਪਿੰਡ ਦੇ ਲੋਕਾਂ ਨੂੰ 24 ਘੰਟੇ ਸਾਫ ਸੁਥਰਾ ਪਾਣੀ ਮੁਹੱਈਆ ਹੋਣਾ ਸ਼ੁਰੂ ਹੋਇਆ ਉਥੇ ਸਿਹਤਮੰਦ ਰਹਿਣ ਲਈ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਵੀ ਕਾਫੀ ਸੁਧਾਰ ਦੇਖਣ ਨੂੰ ਮਿਲਿਆ।

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਵਿਸ਼ਵ ਬੈਂਕ ਤਹਿਤ ਜਲ ਸਪਲਾਈ ਸਕੀਮ ਬਣਾਉਣ ਲਈ ਇਸ ਪਿੰਡ ਨੂੰ ਚੁੱਣਿਆ ਗਿਆ ਸੀ ਅਤੇ ਨਿਯਮ ਮੁਤਾਬਿਕ ਪਿੰਡ ਵਲੋਂ 97 ਹਜ਼ਾਰ ਰੁਪਏ ਲਾਭਪਾਤਰੀ ਹਿੱਸਾ ਵੀ ਜਮ੍ਹਾਂ ਕਰਾਇਆ ਗਿਆ, ਜਿਸ ਤੋਂ ਬਾਅਦ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ 28.29 ਲੱਖ ਰਪੁਏ ਦੇ ਨਾਲ ਸਾਲ 2010 ਵਿੱਚ ਸਕੀਮ ਬਣਾ ਕੇ ਤਿਆਰ ਕੀਤੀ ਗਈ ਅਤੇ ਉਦੋਂ ਤੋਂ ਹੁਣ ਤੱਕ ਪਿੰਡ ਦੀ ਗਰਾਮ ਪੰਚਾਇਤ ਵਾਟਰ ਸੈਨੀਟੇਸ਼ਨ ਕਮੇਟੀ (ਜੀ.ਪੀ. ਡਬਲਯੂ.ਐਸ.ਸੀ) ਇਸ ਪੂਰੀ ਸਕੀਮ ਦੀ ਦੇਖਭਾਲ ਕਰ ਰਹੀ ਹੈ ਅਤੇ ਪਿੰਡ ਲਈ ਵੀ ਪ੍ਰੇਰਣਾ ਸਰੋਤ ਬਣੀ ਹੋਈ ਹੈ।

ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਜਲ ਜੀਵਨ ਮਿਸ਼ਨ ਤਹਿਤ ਹਰ ਘਰ ਨੂੰ ਪਾਈਪਡ ਵਾਟਰ ਸਪਲਾਈ ਰਾਹੀਂ ਹਰ ਘਰ ਜਲ ਨੂੰ ਜਲ ਦੀ ਸੁਵਿਧਾ 31 ਮਾਰਚ 2022 ਤੱਕ ਦੇਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 2,24,398 ਪੇਂਡੂ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ ਅਤੇ ਬਾਕੀ 57,669 ਘਰਾਂ ਨੂੰ ਵੱਖ-ਵੱਖ ਜਲ ਸਪਲਾਈ ਸਕੀਮਾਂ ਰਾਹੀਂ ਮਾਰਚ 2022 ਤੱਕ ਕਵਰ ਕਰ ਲਿਆ ਜਾਵੇਗਾ।

ਐਸ.ਈ. ਵਾਟਰ ਸਪਲਾਈ ਅਤੇ ਸੈਨੀਟੇਸ਼ਨ ਸਰਕਲ ਹੁਸ਼ਿਆਰਪੁਰ ਰਾਜੇਸ਼ ਕੁਮਾਰ ਦੂਬੇ ਨੇ ਦੱਸਿਆ ਕਿ ਗਰਾਮ ਪੰਚਾਇਤ ਵਾਟਰ ਸੈਨੀਟੇਸ਼ਨ ਕਮੇਟੀ ਵਲੋਂ ਬਹੁਤ ਸੁਚਾਰੂ ਢੰਗ ਨਾਲ ਇਸ ਸਕੀਮ ਨੂੰ ਚਲਾਉਣ ਦੇ ਕਾਰਨ ਮੁੱਖ ਮੰਤਰੀ ਪੰਜਾਬ ਵਲੋਂ ਫਰਵਰੀ 2014 ਵਿੱਚ ਪਿੰਡ ਨੂੰ 5 ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ ਗਿਆ ਅਤੇ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਹਰ ਘਰ ਪਾਣੀ ਹਰ ਘਰ ਸਫਾਈ ਯੋਜਨ ਦੀ ਸ਼ੁਰੂਆਤ ਦੇ ਦੌਰਾਨ ਪਿੰਡ ਦੇ ਸਰਪੰਚ ਅਤੇ ਜੀ.ਪੀ.ਡਬਲਯੂ.ਐਸ.ਸੀ ਦੇ ਚੇਅਰਮੈਨ ਬਲਰਾਜ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ।

ਜੀ.ਪੀ. ਡਬਲਯੂ. ਐਸ.ਸੀ ਦੇ ਚੇਅਰਮੈਨ ਬਲਰਾਜ ਸਿੰਘ ਨੇ ਦੱਸਿਆ ਕਿ ਪਿੰਡ ਦੀ ਕੁੱਲ ਜਨ ਸੰਖਿਆ 1022 ਹੈ ਅਤੇ ਪਿੰਡ ਦੇ 218 ਘਰਾਂ ਨੂੰ ਪੀਣ ਵਾਲਾ ਸਾਫ ਪਾਣੀ ਸਵੇਰੇ ਅਤੇ ਸ਼ਾਮ ਤੱਕ ਲੋਕਾਂ ਦੀ ਜ਼ਰੂਰਤ ਅਨੁਸਾਰ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਜਲ ਸਪਲਾਈ ਸਕੀਮ ਨੂੰ ਚਲਾਉਣ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਜਲ ਸਪਲਾਈ ਕਮੇਟੀ ਵਲੋਂ ਸਮੇਂ-ਸਮੇਂ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਪੀਣ ਵਾਲੇ ਸਾਫ ਪਾਣੀ ਦੀ ਮਹੱਤਤਾ ਬਾਰੇ ਲੋਕਾਂ ਨੂੰ ਸਮਝਾਇਆ ਗਿਆ ਅਤੇ ਪਿੰਡ ਵਿੱਚ ਪਾਣੀ ਦੇ ਕੁਨੈਕਸ਼ਨ ਦੇਣ ਲਈ ਜ਼ਿਲ੍ਹਾ ਸੈਨੀਟੇਸ਼ਨ ਸੈਲ ਦੇ ਸਟਾਫ ਵਲੋਂ ਪਿੰਡ ਦੀ ਕਮੇਟੀ ਨਾਲ ਸਮੇਂ-ਸਮੇਂ ’ਤੇ  ਆਈ.ਈ.ਸੀ ਗਤੀਵਿਧੀਆਂ ਵੀ ਕੀਤੀਆਂ ਗਈਆਂ ਅਤੇ ਕੁਨੈਕਸ਼ਨ ਦਾ ਲੇਖਾ ਜੋਖਾ ਸਬੰਧੀ ਜ਼ਰੂਰੀ ਟਰੇਨਿੰਗ ਵੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਿਛਲੇ 10 ਸਾਲਾਂ ਵਿੱਚ ਪਿੰਡ ਦੇ ਪਾਣੀ ਦਾ ਬਿੱਲ ਪੈਂਡਿੰਗ ਨਹੀਂ ਹੈ ਜਦਕਿ ਪਿੰਡ ਦੀ ਜਲ ਸਪਲਾਈ ਕਮੇਟੀ ਦੇ ਰੱਖ ਰਖਾਅ ਦੇ ਖਾਤੇ ਵਿੱਚ 42 ਹਜ਼ਾਰ ਰੁਪਏ ਵਾਧੂ ਜਮ੍ਹਾਂ ਹਨ।

ਪਿੰਡ ਦੇ ਵਾਸੀ ਸਨੀ ਥਿਆੜਾ ਨੇ ਦੱਸਿਆ ਕਿ ਪਿੰਡ ਵਿੱਚ ਜਲ ਸਪਲਾਈ ਸਕੀਮ ਬਣਨ ਤੋਂ ਬਾਅਦ ਪਿੰਡ ਦੀ ਨੁਹਾਰ ਬਦਲ ਗਈ ਅਤੇ ਲੋਕਾਂ ਵਿੱਚ ਪਿੰਡ ਅਤੇ ਸ਼ਹਿਰ ਦਾ ਫਰਕ ਖਤਮ ਹੋ ਗਿਆ। ਸਰਬਜੀਤ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਜਿਥੇ ਜਲ ਸਪਲਾਈ ਸਕੀਮ ਬਣਾਈ ਗਈ ਹੈ ਉਥੇ ਪਿੰਡ ਵਾਸੀਆਂ ਲਈ ਇਕ ਸੁੰਦਰ ਪਾਰਕ ਵੀ ਬਣਾਇਆ ਗਿਆ ਹੈ ਜਿਥੇ ਬੈਂਚ, ਸਟਰੀਟ ਲਾਈਟਾਂ, ਫੁਆਰੇ, ਫੁੱਲ, ਪੌਦੇ ਆਦਿ ਲਗਾਏ ਗਏ ਹਨ ਅਤੇ ਪਿੰਡ ਵਾਸੀ ਸਵੇਰੇ ਸ਼ਾਮ ਆਪਣਾ ਸਮਾਂ ਉਥੇ ਬਤੀਤ ਕਰਦੇ ਹਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।