ਮੁੱਖ ਮੰਤਰੀ ਵੱਲੋਂ ਹਰ ਘਰ ਪਾਣੀ ਹਰ ਘਰ ਸਫਾਈ ਮਿਸ਼ਨ ਦੀ ਹੋਈ ਸ਼ੁਰੂਆਤ ।
February 1st, 2021 | Post by :- | 96 Views
ਮੁੱਖ ਮੰਤਰੀ ਵੱਲੋਂ ‘ਹਰ ਘਰ ਪਾਣੀ-ਹਰ ਘਰ ਸਫਾਈ’ ਮਿਸ਼ਨ ਦੀ ਸ਼ੁਰੂਆਤ
ਸਾਫ ਪਾਣੀ ਦੇ ਨਾਲ-ਨਾਲ ਧਰਤੀ ਹੇਠਲਾ ਪਾਣੀ ਵੀ ਬਚੇਗਾ-ਸੋਨੀ
ਅੰਮਿ੍ਰਤਸਰ, 1 ਫਰਵਰੀ ( ਕੁਲਜੀਤ ਸਿੰਘ      )-ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੇ ਹਰੇਕ ਘਰ ਨੂੰ ਸਾਫ-ਸੁਥਰਾ ਪਾਣੀ ਤੇ ਜਨਤਕ ਥਾਵਾਂ ਦੀ ਸਫਾਈ ਦੇ ਇਰਾਦੇ ਨਾਲ ਅੱਜ ਰਾਜ ਭਰ ਵਿਚ ‘ਹਰ ਘਰ ਪਾਣੀ ਹਰ ਘਰ ਸਫਾਈ ’ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਅੰਮਿ੍ਰਤਸਰ ਜਿਲੇ ਦੇ ਕਈ ਪਿੰਡਾਂ ਨੂੰ ਨਹਿਰੀ ਜਲ ਸਕੀਮਾਂ ਨਾਲ ਜੋੜਿਆ ਜਾਵੇਗਾ। ਇਸ ਮਿਸ਼ਨ ਦੀ ਜਿਲੇ ਵਿਚ ਸ਼ੁਰੂਆਤ ਕਰਦੇ ਹੋਏ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਕਿਹਾ ਪੰਜਾਬ ਨੂੰ ਇਸ ਦੀ ਵੱਡੀ ਲੋੜ ਸੀ ਕਿਉਂਕਿ ਇਕ ਤਾਂ ਸਾਡਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਸੀ, ਦੂਸਰਾ ਪਾਣੀ ਦੂਸ਼ਿਤ ਹੋ ਰਿਹਾ ਸੀ। ਉਨਾਂ ਕਿਹਾ ਕਿ ਹੁਣ ਨਹਿਰਾਂ ਦਾ ਜੋ ਪਾਣੀ ਸਾਫ ਕਰਕੇ ਪੀਣ ਲਈ ਦਿੱਤਾ ਜਾਣਾ ਹੈ, ਉਸ ਨਾਲ ਇਕ ਤਾਂ ਸਾਫ-ਸੁਥਰਾ ਪਾਣੀ ਮਿਲੇਗਾ, ਦੂਸਰਾ ਧਰਤੀ ਹੇਠਲਾ ਪਾਣੀ ਬਚੇਗਾ।
ਉਨਾਂ ਕਿ ਮੈਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦਾ ਹਾਂ ਕਿ ਮੈਨੂੰ ਇਸ ਸੁਭਾਗੇ ਮੌਕੇ ਦੀ ਸ਼ੁਰੂਆਤ ਦਾ ਮੌਕਾ ਮਿਲਿਆ ਹੈ। ਉਨਾਂ ਦੱਸਿਆ ਕਿ ਜਿਵੇਂ ਕਿ ਅੰਮਿ੍ਰਤਸਰ ਸ਼ਹਿਰ ਨੂੰ ਰਾਵੀ ਦਰਿਆ ਤੋਂ ਪੀਣ ਵਾਲਾ ਸਾਫ ਪਾਣੀ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸੇ ਤਰਾਂ ਕਈ ਪਿੰਡਾਂ ਨੂੰ ਨਹਿਰੀ ਜਲ ਸਪਲਾਈ ਸਕੀਮਾਂ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨਾਲ ਸਾਫ-ਸੁਥਰਾ ਪਾਣੀ ਮਿਲੇਗਾ। ਉਨਾਂ ਦੱਸਿਆ ਕਿ ਅੰਮਿ੍ਰਤਸਰ, ਗੁਰਦਾਸਪੁਰ, ਤਰਨਤਾਰਨ, ਪਟਿਆਲਾ ਤੇ ਫਤਿਹਗੜ ਸਾਹਿਬ ਜਿਲਿਆਂ ਵਿਚ  728 ਕਰੋੜ ਰੁਪਏ ਦੀ ਲਾਗਤ ਨਾਲ 705 ਪਿੰਡਾਂ ਲਈ ਅੱਜ 8 ਮੈਗਾ ਨਹਿਰੀ ਜਲ ਯੋਜਨਾਵਾਂ ਦਾ ਨੀਂਹ ਪੱਥਰ ਮੁੱਖ ਮੰਤਰੀ ਵੱਲੋਂ ਰੱਖਿਆ ਗਿਆ ਹੈ। ਇਸੇ ਤਰਾਂ 92 ਪਿੰਡਾਂ ਲਈ ਕਰੀਬ 40 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਸਕੀਮਾਂ, 81 ਪਿੰਡਾਂ ਲਈ ਆਰਸੈਨਿਕ ਕਮ ਆਇਰਨ ਰਿਮੂਵਲ ਪਲਾਂਟ ਅਤੇ 106 ਪਿਡਾਂ ਲਈ ਕਮਿਊਨਟੀ ਆਰ. ਓ ਪਲਾਂਟ ਦੇ ਨੀਂਹ ਪੱਥਰ ਵੀ ਅੱਜ ਰੱਖੇ ਗਏ ਹਨ ਜਿੰਨਾ ਵਿਚੋਂ 66 ਪਿੰਡ ਅੰਮਿ੍ਰਤਸਰ ਜਿਲੇ ਦੇ ਹਨ। ਉਨਾਂ ਕਿਹਾ ਕਿ ਇਕੱਲੇ ਅੰਮਿ੍ਰਤਸਰ ਜਿਲੇ ਵਿਚ 378 ਕਰੋੜ ਰੁਪਏ ਦੀ ਲਾਗਤ ਨਾਲ 369 ਪਿੰਡਾਂ ਨੂੰ ਨਹਿਰੀ ਪਾਣੀ ਪੀਣ ਲਈ ਦਿੱਤਾ ਜਾਣਾ ਹੈ, ਜਿਸਦਾ ਨੀਂਹ ਪੱਥਰ ਅੱਜ ਰੱਖ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਅੰਮਿ੍ਰਤਸਰ ਵਿਚ ਜੌੜਾ ਫਾਟਕ ਨੇੜੇ ਹਾਈਟੈਕ ਲੈਬਾਰਟਰੀ ਸ਼ੁਰੂ ਕੀਤੀ ਗਈ ਹੈ, ਜਿਥੇ ਪੀਣ ਵਾਲੇ ਪਾਣੀ ਦੀ ਜਾਂਚ ਕੀਤੀ ਜਾਂਦੀ ਹੈ। ਸ੍ਰੀ ਸੋਨੀ ਨੇ ਅੱਜ ਜਿਲੇ ਵਿਚ 5 ਕਰੋੜ ਦੀ ਲਾਗਤ ਨਾਲ ਬਣੀਆਂ 15 ਜਲ ਸਪਲਾਈ ਸਕੀਮਾਂ ਦਾ ਉਦਘਾਟਨ ਅਤੇ 20 ਜਲ ਸਪਲਾਈ ਸਕੀਮਾਂ ਦਾ ਨੀਂਹ ਪੱਥਰ ਰੱਖਿਆ। ਉਨਾਂ ਦੱਸਿਆ ਕਿ ਜਿਲੇ ਦੇ ਪਿੰਡ ਬੁੱਢਾ ਥੇਹ ਵਿਖੇ 5 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਟਰੀਟਮੈਂਟ ਪਲਾਂਟ ਦਾ ਵੀ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ।
 ਉਨਾਂ ਦੱਸਿਆ ਕਿ ਬੀਤੀ 16 ਜਨਵਰੀ ਨੂੰ ਜਿਲਾ ਪ੍ਰਸ਼ਾਸਨ ਨੂੰ ਪਾਣੀ ਦੀ ਸ਼ੁਧਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਸਕਾਚ ਐਵਾਰਡ ਨਾਲ ਸਨਮਾਨਿਤ ਕੀਤਾ ਹੈ, ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ।
        ਸਫਾਈ ਮੁਹਿੰਮ ਦੀ ਗੱਲ ਕਰਦੇ ਸ੍ਰੀ ਸੋਨੀ ਨੇ ਕਿਹਾ ਕਿ ਜਿਲੇ ਵਿਚ 30970 ਟਾਇਲਟ ਬਣਾਏ ਜਾ ਚੁੱਕੇ ਹਨ ਅਤੇ 32 ਪਿੰਡਾਂ ਵਿਚ ਕਮਿਊਨਟੀ ਸੈਨੀਟੇਸ਼ਨ ਕੰਪਲੈਕਸ ਬਣਾਏ ਜਾ ਰਹੇ ਹਨ, ਜਿੱਥੇ ਕਰੀਬ 96 ਲੱਖ ਰੁਪਏ ਦਾ ਖਰਚ ਆਵੇਗਾ।
ਇਸ ਮੌਕੇ ਵਿਧਾਇਕ ਸ੍ਰੀ ਸੁਨੀਲ ਦੱਤੀ,  ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਚੇਅਰਮੈਨ ਜਿਲਾ ਪ੍ਰੀਸ਼ਦ ਸ. ਦਿਲਰਾਜ ਸਿੰਘ ਸਰਕਾਰੀਆ, ਜਿਲਾ ਪੁਲਿਸ ਮੁਖੀ ਸ੍ਰੀ ਧੁਰਵ ਦਾਹੀਆ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ, ਐਸ. ਈ. ਸ੍ਰੀ ਜਸਵਿੰਦਰ ਸਿੰਘ ਚਾਹਲ, ਐਕਸੀਅਨ ਸ੍ਰੀ ਪੁਨੀਤ ਭਸੀਨ ਤੇ ਚਰਨਦੀਪ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।