ਬਾਗਬਾਨਾਂ ਨੂੰ ਫਰਵਰੀ ਮਹੀਨੇ ਦੌਰਾਨ ਬਾਗਬਾਨੀ ਰੁਝੇਵਿਆਂ ਤੋਂ ਜਾਣੂ ਕਰਾਇਆ
February 1st, 2021 | Post by :- | 64 Views

ਬਟਾਲਾ, 1 ਫਰਵਰੀ  – ਬਾਗਬਾਨੀ ਵਿਭਾਗ ਨੇ ਬਾਗਬਾਨਾਂ ਨੂੰ ਸਹਾਲ ਦਿੱਤੀ ਹੈ ਕਿ ਉਹ ਪੱਤਝੜ ਵਾਲੇ ਬੂਟੇ ਜਿਵੇਂ ਕਿ ਨਾਖ ਅਤੇ ਅੰਗੂਰ ਆਦਿ ਨੂੰ ਫ਼ਰਵਰੀ ਦੇ ਪਹਿਲੇ ਹਫ਼ਤੇ ਤੱਕ ਨਵੀਂ ਫੋਟ ਆਉਣ ਤੋਂ ਪਹਿਲਾਂ ਲਗਾ ਦੇਣ। ਬਟਾਲਾ ਦੇ ਬਾਗਬਾਨੀ ਵਿਕਾਸ ਅਫ਼ਸਰ ਹਰਪ੍ਰੀਤ ਸਿੰਘ ਨੇ ਫਰਵਰੀ ਮਹੀਨੇ ਦੌਰਾਨ ਬਾਗਬਾਨੀ ਦੇ ਰੁਝੇਵਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਨਿੰਬੂ ਜਾਤੀ ਦੇ ਬੂਟੇ, ਅੰਬ, ਅਮਰੂਦ, ਲੁਕਾਠ ਅਤੇ ਬੇਰ ਆਦਿ ਨੂੰ ਫ਼ਰਵਰੀ ਦੇ ਦੂਜੇ ਪੰਦਰਵਾੜੇ ਵਿੱਚ ਲਗਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਫ਼ਰਵਰੀ ਦੇ ਅੱਧ ਤੱਕ ਅੰਗੂਰਾਂ ਦੀ ਕਾਂਟ-ਛਾਂਟ ਹਰ ਹਾਲਤ ਵਿੱਚ ਕਰ ਲੈਣੀ ਚਾਹੀਦੀ ਹੈ। ਨਿੰਬੂ ਜਾਤੀ ਦੇ ਫਲਾਂ ਦੀ ਤੁੜਾਈ ਕਰਨ ਤੋਂ ਬਾਅਦ ਸੁਚੱਜੇ ਤਰੀਕੇ ਨਾਲ ਸੋਕ ਕੱਢ ਕੇ ਬੋਰਡੋ ਮਿਸ਼ਰਣ (2:2:250) ਜਾਂ ਬਲਾਈਟੌਕਸ 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਦੇਣਾ ਚਾਹੀਦਾ ਹੈ। ਕੱਟੇ ਹੋਏ ਭਾਗਾਂ ’ਤੇ ਬੋਰਡੋ ਪੇਸ਼ਟ ਲਗਾ ਦਿਉ ਅਤੇ ਹਫਤੇ ਬਾਅਦ ਤਣਿਆ ਉੱਪਰ ਬੋਰਡੋ ਪੇਂਟ ਦਾ ਲੇਪ ਲਗਾਉ। ਕਿਨੂੰ ਦੇ ਪੂਰੇ ਵੱਡੇ ਬੂਟਿਆਂ ਨੂੰ ਫਰਵਰੀ ਮਹੀਨੇ 960 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਖਾਦ ਪਾ ਦਿੱਤੀ ਜਾਵੇ। ਬਾਗਬਾਨੀ ਅਫ਼ਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਨੂੰ ਤੋਂ ਬਿਨਾ ਹੋਰ ਨਿੰਬੂ ਜਾਤੀ ਦੇ ਫਲਾਂ ਨੂੰ ਬੂਟਿਆਂ ਦੇ ਅਕਾਰ ਮੁਤਾਬਿਕ 880-1760 ਗ੍ਰਾਮ ਯੂਰੀਆ ਖਾਦ ਪਾ ਦੇਣੀ ਚਾਹੀਦੀ ਹੈ। ਸੰਤਰੇ, ਮਾਲਟੇ ਦੇ ਵੱਡੇ ਬੂਟਿਆਂ ਨੂੰ ਇਸ ਮਹੀਨੇ ਬੂਟੇ ਦੇ ਆਕਾਰ ਅਨੁਸਾਰ 400-800 ਗ੍ਰਾਮ ਯੂਰੀਆ ਖਾਦ ਪਹਿਲੀ ਕਿਸ਼ਤ ਵਜੋਂ ਪਾਉਣੀ ਚਾਹੀਦੀ ਹੈ।

ਬਾਗਬਾਨੀ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲੁਕਾਠ ਦੇ ਬੂਟਿਆਂ ਨੂੰ 500 ਗ੍ਰਾਮ ਯੂਰੀਆ ਪ੍ਰਤੀ ਬੂਟਾ ਦੇ ਹਿਸਾਬ ਨਾਲ ਨਾਈਟ੍ਰੋਜਨ ਖਾਦ ਦੀ ਦੂਜੀ ਕਿਸ਼ਤ ਵਜੋਂ ਪਾਉਣੀ ਚਾਹੀਦੀ ਹੈ। ਅੰਬਾਂ ਦੇ ਬੂਟਿਆਂ ਨੂੰ 500 ਗ੍ਰਾਮ ਯੂਰੀਆ ਅਤੇ ਇੱਕ ਕਿਲੋ ਮਿਊਰੇਟ ਆਫ ਪੋਟਾਸ਼ ਅਤੇ ਲੀਚੀ ਦੇ ਬੂਟਿਆਂ ਨੂੰ 800 ਯੂਰੀਆ ਗ੍ਰਾਮ ਪ੍ਰਤੀ ਬੂਟਾ ਇਸ ਮਹੀਨੇ ਦੇ ਅੱਧ ਤੱਕ ਪਾਉ। ਪਪੀਤੇ ਦੇ ਬੂਟਿਆਂ ਨੂੰ 1:2:0.33 ਦੀ ਅਨੁਪਾਤ ਨਾਲ (ਯੂਰੀਆ, ਸਿੰਗਲ ਸੁਪਰਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼) ਦਾ ਮਿਸ਼ਰਣ 625 ਗ੍ਰਾਮ ਅਤੇ ਨਾਲ ਹੀ 20 ਕਿਲੋ ਰੂੜੀ ਦੀ ਖਾਦ ਪ੍ਰਤੀ ਬੂਟਾ ਪਾਉ। ਨਾਖਾਂ ਨੂੰ 500 ਗ੍ਰਾਮ ਯੂਰੀਆ, ਆੜੂਆਂ ਨੂੰ 500 ਗ੍ਰਾਮ ਯੂਰੀਆ ਫੁੱਲ ਪੈਣ ਤੋਂ ਪਿੱਛੋਂ, ਅਲੂਚੇ ਨੂੰ 180 ਗ੍ਰਾਮ ਯੂਰੀਆ ਫੁੱਲ ਪੈਣ ਤੋਂ ਪਿੱਛੋਂ ਇਸ ਮਹੀਨੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਅੰਗੂਰਾਂ ਦੇ ਫ਼ਲ ਦਿੰਦੇ ਬੂਟਿਆਂ ਨੂੰ ਕਾਂਟ-ਛਾਂਟ ਤੋਂ ਬਾਅਦ 500 ਗ੍ਰਾਮ ਯੂਰੀਆ ਤੇ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਬੂਟਾ ਦੀ ਵਰਤੋਂ ਕਰੋ। ਖਾਦ ਪਾਉਂਦੇ ਸਮੇਂ ਧਿਆਨ ਰੱਖੋ ਕਿ ਬੂਟੇ ਦੇ ਹੇਠਾਂ ਖਾਦ ਇੱਕਸਾਰ ਪਵੇ ਅਤੇ ਫਿਰ ਖਾਦਾਂ ਨੂੰ ਹਲਕੀ ਗੋਡੀ ਕਰਕੇ ਮਿੱਟੀ ਵਿੱਚ ਰਲਾ ਦਿਉ।

ਨਿੰਬੂ ਜਾਤੀ ਦੇ ਬੂਟਿਆਂ ਦੀ ਸਿੰਚਾਈ ਵੱਲ ਧਿਆਨ ਦਿਉ ਕਿਉਂਕਿ ਫ਼ਰਵਰੀ ਮਹੀਨੇ ਹੀ ਇਨਾਂ ਦਾ ਫੁਟਾਰਾ ਹੋਵੇਗਾ। ਲੁਕਾਠ ਦੇ ਬੂਟਿਆਂ ਨੂੰ ਇੱਕ-ਦੋ ਪਾਣੀ ਦਿਉ ਕਿਉਂਕਿ ਫ਼ਲ ਪੈ ਚੁੱਕਾ ਹੈ। ਬੇਰ ਦੇ ਬੂਟਿਆਂ ਨੂੰ ਵੀ ਪਾਣੀ ਦਿਉ ਤਾਂ ਜੋ ਫ਼ਲ ਦਾ ਆਕਾਰ ਵਧੇ। ਫ਼ਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਅੰਗੂਰਾਂ ਦੀ ਕਾਂਟ-ਛਾਂਟ ਤੋਂ ਬਾਅਦ ਇੱਕ ਪਾਣੀ ਲਾਉ। ਨਿੰਬੂ ਜਾਤੀ ਦੇ ਬੂਟਿਆਂ ਦਾ ਸਿੱਟਰਸ ਸਿੱਲਾ ਅਤੇ ਸੁਰੰਗੀ ਕੀੜਾ ਮਾਰਨ ਲਈ 200 ਮਿਲੀਲਿਟਰ ਕਰੋਕੋਡਾਈਲ/ਕੰਨਫੀਡੋਰ ਜਾਂ 160 ਗ੍ਰਾਮ ਐਕਟਾਰਾ (ਈਮਿਡਾਕਲੋਪਰਿੱਡ) ਨੂੰ 500 ਲਿਟਰ ਪਾਣੀ ਵਿੱਚ ਘੋਲ ਕੇ ਫੁੱਲ ਆਉਣ ਤੋਂ ਪਹਿਲਾਂ ਛਿੜਕਾਅ ਕਰੋ। ਸਿੱਟਰਸ ਕੈਂਕਰ ਰੋਕਣ ਲਈ ਸਟਰੈਪਟੋਸਾਈਕਲੀਨ 50 ਗ੍ਰਾਮ+25 ਗ੍ਰਾਮ ਨੀਲਾ ਥੋਥਾ 500 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਬੋਰਡੋ ਮਿਸ਼ਰਣ 2:2:250 ਜਾਂ 0.3% ਕੌਪਰ ਆਕਸੀਕਲੋਰਾਈਡ ਵੀ ਛਿੜਕਿਆ ਜਾ ਸਕਦਾ ਹੈ। ਨਿੰਬੂ ਜਾਤੀ ਵਿੱਚ ਗੂੰਦੀਆ (ਪੈਰ ਗਲਣਾ/ਹੇਠਾਂ ਤੋ ਤਣੇ ਦਾ ਗਲਣਾ) ਰੋਗ ਨੂੰ ਰੋਕਣ ਲਈ 25 ਗ੍ਰਾਮ ਕਰਜੇਟ ਐਮ-8 ਨੂੰ 10 ਲਿਟਰ ਪਾਣੀ ਪ੍ਰਤੀ ਬੂਟੇ ਦੇ ਹਿਸਾਬ ਨਾਲ ਬੂਟਿਆਂ ਦੇ ਆਲੇ-ਦੁਆਲੇ ਗੱੜੁਚ ਕਰੋ। ਇਸ ਤੋਂ ਇਲਾਵਾ ਇਸ ਦੀ ਰੋਕਥਾਮ ਲਈ ਸੋਡੀਅਮ ਹਾਈਪੋਕਲੋਰਾਈਟ (5%) 50 ਮਿ.ਲਿ. ਨੂੰ 10 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਮੁੱਢਾਂ ਅਤੇ ਛੱਤਰੀ ਹੇਠ ਛਿੜਕਿਆ ਜਾ ਸਕਦਾ ਹੈ। ਅੰਬਾਂ ਦਾ ਛੜੱਪਾਮਾਰ ਤੇਲਾ ਇਸ ਮਹੀਨੇ ਵਿੱਚ ਫੁੱਲ ਆਉਣ ਸਮੇਂ ਜ਼ੋਰਦਾਰ ਹਮਲਾ ਕਰਦਾ ਹੈ। ਅੰਬਾਂ ਵਿੱਚ ਚਿੱਟੋਂ ਦੀ ਰੋਕਥਾਮ ਲਈ ਇਸ ਮਹੀਨੇ ਕੈਰਾਥੇਨ 0.1% ਘੁਲਣਸ਼ੀਲ ਜਾਂ ਗੰਧਕ 0.25% ਦਾ ਫੁੱਲ ਨਿਕਲਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਫੁੱਲ-ਪੱਤੀਆਂ ਝੜਨ ਤੱਕ 10 ਦਿਨਾਂ ਦੇ ਵਕਫ਼ੇ ਤੇ ਛਿੜਕਾਅ ਕਰੋ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।