ਮੁੱਖ ਮੰਤਰੀ ਨੇ ਵਰਚੁਅਲ ਤੌਰ ‘ਤੇ ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰੀ ਪਾਰਕ ਦਾ ਰੱਖਿਆ ਨੀਂਹ ਪੱਥਰ ਚੰਨੀ ਨੂੰ ਜਲਿਆਂਵਾਲਾ ਬਾਗ ਦੇ ਸਾਰੇ 1500 ਸਹੀਦਾਂ ਦੀ ਸ਼ਨਾਖਤ ਕਰਨ ਵਾਸਤੇ ਮੁਕੰਮਲ ਖੋਜ ਕਰਨ ਲਈ ਕਿਹਾ
January 25th, 2021 | Post by :- | 39 Views

ਅੰਮਿ੍ਰਤਸਰ, 25 ਜਨਵਰੀ: (ਮਨਬੀਰ ਸਿੰਘ)ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਲਿਆਂਵਾਲਾ ਬਾਗ ਦੁਖਾਂਤ ਦੇ ਗੁਮਨਾਮ ਨਾਇਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇਕ ਕਵਿਤਾ “ਸਾਲਾਂ ਬਾਅਦ ਵੀ, (ਅਸੀਂ) ਸਹੀਦਾਂ ਦਾ ਦਰਦ ਸੀਨੇ ਵਿੱਚ ਸੰਜੋ ਰੱਖਿਆ ਹੈ” ਰਾਹੀਂ ਭਾਵੁਕ ਸਰਧਾਂਜਲੀ ਦਿੰਦਿਆਂ ਵਰਚੁਅਲ ਤੌਰ ਉਤੇ ਅੰਮਿ੍ਰਤਸਰ ਵਿਖੇ ਜਲਿਆਂਵਾਲਾ ਬਾਗ ਸਤਾਬਦੀ ਯਾਦਗਾਰੀ ਪਾਰਕ ਦਾ ਨੀਂਹ ਪੱਥਰ ਰੱਖਿਆ। ਭਾਰਤ ਦੀ ਆਜਾਦੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਸਹੀਦਾਂ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਇਹ ਯਾਦਗਾਰ ਸਥਾਪਤ ਕਰਨ ਲਈ ਸੂਬਾ ਸਰਕਾਰ ਦੀ ਅਲੋਚਨਾ ਕਰਨ ਵਾਲਿਆਂ ‘ਤੇ ਵਰਦਿਆਂ ਕਿਹਾ ਕਿ ਹਰੇਕ ਪੰਜਾਬੀ ਨੂੰ ਇਸ ਲਾਸਾਨੀ ਦੁਖਾਂਤ ਨੂੰ ਯਾਦ ਕਰਨ ਦਾ ਹੱਕ ਹੈ ਜਿਸ ਨੇ ਆਜਾਦੀ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ। ਸਤਾਬਦੀ ਸਮਾਰੋਹ ਦੇ ਜਸ਼ਨਾਂ ਨੂੰ ਇਕ ਖੁਸ਼ੀ ਭਰਿਆ ਮੌਕਾ ਦੱਸਦਿਆਂ ਉਨਾਂ ਕਿਹਾ ਕਿ ਉਹ ਜਲਿਆਂਵਾਲਾ ਬਾਗ ਵਿਖੇ ਕਰਵਾਏ ਜਾਣ ਵਾਲੇ ਇਤਿਹਾਸਕ ਸਮਾਗਮ ਦੇ ਰਾਸਟਰੀ ਪੱਧਰ ਦੇ ਜਸਨਾਂ ਵਿਚ ਵੀ ਹਿੱਸਾ ਲੈਣਗੇ।

ਇਸ ਮੌਕੇ ਮੁੱਖ ਮੰਤਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐਨਡੀਯੂ) ਵਿਖੇ ਜਲਿਆਂਵਾਲਾ ਬਾਗ ਚੇਅਰ ਸਥਾਪਤ ਕਰਨ ਅਤੇ ਦੁਨੀਆਂ ਦੇ ਸਭ ਤੋਂ ਵੱਡੇ ਮਨੁੱਖਤਾਵਾਦੀ ਦੁਖਾਂਤ ਵਿੱਚੋਂ ਇੱਕ ਇਸ ਦੁਖਦਾਇਕ ਘਟਨਾ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲਿਆਂ ਦੀ ਯਾਦ ਨੂੰ ਸਮਰਪਿਤ ਇਕ ਸਾਹਿਤਕ ਸਮਾਰੋਹ ਦਾ ਐਲਾਨ ਕੀਤਾ। ਉਹਨਾਂ ਕਤਲੇਆਮ ਸਬੰਧੀ ਰੁਖਸ਼ੰਦਾ ਜਲੀਲ ਦੀ ਕਵਿਤਾ ਦੀਆਂ ਸਤਰਾਂ ਵੀ ਪੜੀਆਂ, “ਅਸਮਾਨ ਇੱਥੇ ਹਰ ਰੋਜ਼ ਰੋਣ ਲਈ ਆਉਂਦਾ ਹੈ, ਤੀਰ ਹਾਲੇ ਵੀ ਪੰਜਾਬ ਦੇ ਸੀਨੇ ਨੂੰ ਵਿੰਨਦੇ ਹਨ।”

ਮੁੱਖ ਮੰਤਰੀ ਨੇ ਦੱਸਿਆਂ ਕਿ ਇਸ ਕਤਲੇਆਮ ਵਿੱਚ ਹੋਈਆਂ ਮੌਤਾਂ ਦੀ ਸਹੀ ਗਿਣਤੀ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਉਹਨਾਂ ਨੇ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਪੂਰੇ ਅੰਕੜਿਆਂ ਦੀ ਘੋਖ ਕੀਤੀ ਜਾਵੇ ਤਾਂ ਜੋ ਸਹੀ ਗਿਣਤੀ ਦਾ ਪਤਾ ਲਗਾਇਆ ਜਾ ਸਕੇ ਅਤੇ ਉਨਾਂ ਦੇ ਪਿੰਡਾਂ ਵਿਚ ਛੋਟੀਆਂ ਯਾਦਗਾਰਾਂ ਸਥਾਪਤ ਕੀਤੀਆਂ ਜਾਣ। ਜਨਰਲ ਡਾਇਰ ਵਲੋਂ ਉਥੇ ਇਕੱਠੇ ਹੋਏ 5000 ਲੋਕਾਂ ਵਿੱਚੋਂ 200-300 ਮੌਤਾਂ ਦੇ ਅੰਕੜਿਆਂ ਸਬੰਧੀ ਦਿੱਤੇ ਹਵਾਲਾ ਬਾਰੇ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਾਂਧੀ ਜੀ ਨੇ 1500 ਮੌਤਾਂ ਦਾ ਹਵਾਲਾ ਦਿੱਤਾ ਸੀ, ਜਿਨਾਂ ਵਿੱਚੋਂ ਸਿਰਫ 492 ਸਹੀਦਾਂ ਦੇ ਨਾਮ ਮੌਜੂਦ ਹਨ।

ਉਹਨਾਂ ਕਾਲਾ ਪਾਣੀ ਵਿਖੇ ਸੈਲੂਲਰ ਜੇਲ ਦੇ ਆਪਣੇ ਦੌਰੇ ਨੂੰ ਯਾਦ ਕੀਤਾ ਜਿੱਥੇ ਬਹੁਤ ਸਾਰੇ ਪੰਜਾਬੀਆਂ ਦੇ ਨਾਂ ਸਨ ਜਿਨਾਂ ਬਾਰੇ ਕਿਸੇ ਨੂੰ ਨਹੀਂ ਪਤਾ। ਉਹਨਾਂ ਨੇ ਸ੍ਰੀ ਚੰਨੀ ਨੂੰ ਇਹਨਾਂ ਸ਼ਹੀਦਾਂ ਦੀ ਸੰਪੂਰਨ ਜਾਣਕਾਰੀ ਹਾਸਲ ਕਰਨ ਲਈ ਨਿਰਦੇਸ਼ ਦਿੱਤੇ। ਉਨਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਇਹਨਾਂ ਸ਼ਹੀਦਾਂ ਲਈ ਯਾਦਗਾਰਾਂ ਦਾ ਨਿਰਮਾਣ ਕੀਤਾ ਜਾਵੇਗਾ।

ਇਸ ਮੌਕੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲਿਾ ਪ੍ਰਸਾਸਨ ਅੰਮਿ੍ਰਤਸਰ ਵੱਲੋਂ ਸ਼ਨਾਖਤ ਕੀਤੇ ਜਲਿਆਂਵਾਲਾ ਬਾਗ ਦੇ ਸਹੀਦਾਂ ਦੇ 492 ਪਰਿਵਾਰਾਂ ਵਿੱਚੋਂ 29 ਪਰਿਵਾਰਕ ਮੈਂਬਰਾਂ ਨੂੰ ਕਲਸ ਅਤੇ ਸਾਲ ਭੇਟ ਕਰਕੇ ਸਨਮਾਨਿਤ ਕੀਤਾ। ਸ਼ਨਾਖਤ ਕੀਤੇ ਗਏ ਸਹੀਦਾਂ ਵਿਚ ਖੁਸੀ ਰਾਮ, ਹਰੀ ਰਾਮ, ਸੁੰਦਰ ਸਿੰਘ ਪੁੱਤਰ ਗਿਆਨ ਸਿੰਘ, ਵਾਸੂ ਮੱਲ, ਜੈ ਨਾਰਾਇਣ, ਗੋਪਾਲ ਸਿੰਘ, ਤਾਰਾ ਚੰਦ, ਬਿਸਨ ਦਾਸ, ਬਖਸੀਸ ਸਿੰਘ, ਪ੍ਰੇਮ ਸਿੰਘ, ਬੀਬੀ ਹਰ ਕੌਰ, ਦਿਆਲ ਸਿੰਘ, ਸੁੰਦਰ ਸਿੰਘ ਪੁੱਤਰ ਨੱਥੂ, ਠਾਕੁਰ ਸਿੰਘ, ਬੂਹੜ ਸਿੰਘ ਪੁੱਤਰ ਤੇਜਾ ਸਿੰਘ, ਬੂਹੜ ਸਿੰਘ ਪੁੱਤਰ ਦੇਵਾ ਸਿੰਘ, ਝੰਡਾ ਸਿੰਘ, ਗੰਡਾ ਸਿੰਘ, ਨੱਥਾ ਸਿੰਘ, ਲਛਮਣ ਸਿੰਘ ਪੁੱਤਰ ਹੀਰਾ ਸਿੰਘ, ਬਿਸਨ ਸਿੰਘ, ਲਛਮਣ ਸਿੰਘ ਪੁੱਤਰ ਦਿਆਲ ਸਿੰਘ , ਬਾਵਾ ਸਿੰਘ, ਅਮੀ ਚੰਦ, ਚੇਤ ਸਿੰਘ, ਬੁੱਢਾ ਸਿੰਘ, ਸੋਹਣ ਸਿੰਘ, ਤਾਰਾ ਸਿੰਘ ਅਤੇ ਈਸਰ ਸਿੰਘ ਸਾਮਲ ਹਨ।

ਜਲਿਆਂਵਾਲਾ ਬਾਗ ਸਤਾਬਦੀ ਯਾਦਗਾਰੀ ਪਾਰਕ, ਰਣਜੀਤ ਐਵੀਨਿਊ, ਅੰਮਿ੍ਰਤਸਰ ਦੇ ਅੰਮਿ੍ਰਤ ਆਨੰਦ ਪਾਰਕ ਵਿਖੇ 4490 ਵਰਗ ਮੀਟਰ ਵਿੱਚ ਬਣਾਇਆ ਜਾਵੇਗਾ ਜੋ ਆਉਣ ਵਾਲੀਆਂ ਪੀੜੀਆਂ ਲਈ ਇਕ ਯਾਦਗਾਰ ਸਾਬਤ ਹੋਵੇਗਾ। ਇਸ ਯਾਦਗਾਰ ਨੂੰ 3.52 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਜਾਵੇਗਾ। ਇਸ ਪਵਿੱਤਰ ਯਾਦਗਾਰ ਨੂੰ ਬਣਾਉਣ ਲਈ ਸਹੀਦਾਂ ਦੇ ਰਿਸ਼ਤੇਦਾਰਾਂ ਜਾਂ ਪੰਚਾਇਤਾਂ/ਸਰਪੰਚਾਂ/ਕੌਂਸਲਰਾਂ ਦੁਆਰਾ ਲਿਆਂਦੀ ਮਿੱਟੀ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਵਿਲੱਖਣ ਯਾਦਗਾਰ ਨੂੰ ਇਸ ਤਰਾਂ ਡਿਜਾਇਨ ਕੀਤਾ ਗਿਆ ਹੈ ਜਿਵੇਂ ਪੰਜ ਸੰਗਮਰਮਰ ਦੇ ਖੰਭ ਆਸਮਾਨ ਵਿੱਚ ਨੂੰ ਛੂਹ ਰਹੇ ਰਹੇ ਹੋਣ। ਇਸ ਯਾਦਗਾਰ ਦੇ 15 ਅਗਸਤ, 2021 ਤੱਕ ਤਿਆਰ ਹੋਣ ਅਤੇ ਲੋਕਾਂ ਨੂੰ ਸਮਰਪਿਤ ਕੀਤੇ ਜਾਣ ਦੀ ਉਮੀਦ ਹੈ। ਨੌਜਵਾਨ ਨੂੰ ਇਸ ਦੁਖਦਾਈ ਘਟਨਾ ਨਾਲ ਜੋੜਨ ਦੇ ਉਦੇਸ ਨਾਲ ਵਿਸਾਖੀ ਦੇ ਨੇੜੇ ਜੀ.ਐਨ.ਡੀ.ਯੂ. ਵਲੋਂ ਸਾਹਿਤਕ ਸਮਾਗਮ ਆਯੋਜਤ ਕੀਤਾ ਜਾਵੇਗਾ।

ਇਸ ਮੌਕੇ ਸੈਰ ਸਪਾਟਾ ਅਤੇ ਸੱਭਿਆਚਾਰਕ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਨੂੰਯਾਦਗਾਰੀ ਪ੍ਰਾਜੈਕਟ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਜਾਣੂੰ ਕਰਵਾਇਆ। ਇਹ ਨਿਵੇਕਲੀ ਯਾਦਗਾਰ ਅਸਮਾਨ ਛੂੰਹਦੇ ਸੰਗਮਰਮਰ ਦੇ ਪੰਜ ਖੰਭਾਂ ਵਜੋਂ ਚਿਤਵੀ ਅਤੇ ਉਲੀਕੀ ਗਈ ਹੈ। ਇਹ ਖੰਭ ਵੱਖੋ-ਵੱਖ ਉਮਰ ਵਰਗਾਂ ਦੇ ਸ਼ਹੀਦਾਂ; ਜਿਵੇਂ ਬੱਚਿਆਂ, ਨੌਜਵਾਨਾਂ, ਅੱਧਖੜ ਉਮਰ ਦੇ ਵਿਅਕਤੀਆਂ ਅਤੇ ਬਜੁਰਗਾਂ ਦੀ ਅਜੇਤੂ ਭਾਵਨਾ ਦੇ ਪ੍ਰਤੀਕ ਹਨ। ਇਹ ਖੰਭ ਹੱਥ ਦੀਆਂ ਪੰਜੇ ਉਂਗਲਾਂ ਦੇ ਵੀ ਸੂਚਕ ਹਨ ਅਤੇ ਇਨਾਂ ਸ਼ਹੀਦਾਂ ਦੀ ਇਕਮੁੱਠ ਤਾਕਤ ਦੀ ਤਰਜਮਾਨੀ ਕਰਦੇ ਹਨ। ਚਿੱਟਾ ਰੰਗ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਦੀ ਪਾਕੀਜਗੀ ਨੂੰ ਦਰਸਾਉਂਦਾ ਹੈ। ਇਹ ਖੰਭ ਇਕ ਗੋਲਾਕਾਰ ਮੰਚ ਤੋਂ ਉਪਰ ਉਠੇ ਹੋਏ ਹਨ ਅਤੇ ਇਨਾਂ ਦੇ ਦਰਮਿਆਨ ਖਾਲੀ ਜਗਾ ਹੈ, ਜੋ ਉਨਾਂ ਦੀ ਸ਼ਹਾਦਤ ਨਾਲ ਪੈਦਾ ਹੋਏ ਖਲਾਅ ਦੀ ਪ੍ਰਤੀਕ ਹੈ। ਇਸ ਯਾਦਗਾਰ ਦੇ ਹਰਿਆਵਲ ਚੌਗਿਰਦੇ ਦੇ ਦੁਆਲੇ ਇਕ ਅੰਡਾਕਾਰ ਰਸਤਾ ਬਣਾਇਆ ਗਿਆ ਹੈ ਅਤੇ ਇਸ ਸਥਾਨ ਦੇ ਹਰਿਆਵਲ ਭਰਪੂਰ ਸੁੰਦਰੀਕਰਨ ਨੂੰ ਇਸ ਤਰਾਂ ਦੀ ਤਰਤੀਬ ਦਿੱਤੀ ਗਈ ਹੈ ਤਾਂ ਜੋ ਇਹ ਪ੍ਰਸਤਾਵਿਤ ਯਾਦਗਾਰ ਦੇ ਢਾਂਚੇ ਨੂੰ ਪ੍ਰਭਾਵਿਤ ਨਾ ਕਰੇ। ਸਮੁੱਚੀ ਯਾਦਗਾਰ ਸ਼ਾਨਦਾਰ ਹਰਿਆਲੀ ਭਰਪੂਰ ਪਾਰਕ ਦੀ ਵਿਲੱਖਣਤਾ ਨੂੰ ਸੁਹਜਾਤਮਕ ਢੰਗ ਨਾਲ ਦਰਸਾਉਂਦੀ ਹੈ, ਜੋ ਇਸ ਅਨੂਠੀ ਯਾਦਗਾਰ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੀ ਹੈ। ਇਨਾਂ ਸ਼ਹੀਦਾਂ ਦੇ ਪਿੰਡਾਂ ਤੋਂ ਲਿਆਂਦੀ ਜਾਣ ਵਾਲੀ ਮਿੱਟੀ ਇਸ ਪਵਿੱਤਰ ਮੰਚ ਦੇ ਹੇਠਾਂ ਪਾਈ ਜਾਵੇਗੀ, ਜੋ ਇਨਾਂ ਯੋਧਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਏਸੇ ਮਿੱਟੀ ਉਤੇ ਸਥਾਪਤ ਹੋਏ ਖੰਭ ਅਸਮਾਨ ਨੂੰ ਛੂਹਣਗੇ। ਇਸ ਮੰਚ ਨੂੰ ਆਪਣੇ ਕਲਾਵੇ ਵਿੱਚ ਲੈਂਦੀਆਂ ਕੰਧਾਂ ‘ਤੇ ਲੱਗੇ ਪੱਥਰਾਂ ਉਪਰ ਸ਼ਹੀਦਾਂ ਦੇ ਨਾਮ ਉਕਰੇ ਹੋਣਗੇ। ਇਕ ਛੋਟਾ ਜਿਹਾ ਹੋਰ ਮੰਚ ਵੀ ਇਨਾਂ ਖੰਭਾਂ ਦੇ ਸਾਹਮਣੇ ਸਥਾਪਤ ਕੀਤੇ ਜਾਣ ਦੀ ਯੋਜਨਾ ਹੈ, ਜਿੱਥੇ ਇਨਾਂ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਵਜੋਂ ਫੁੱਲਮਾਲਾਵਾਂ ਭੇਟ ਕੀਤੀਆਂ ਜਾ ਸਕਣਗੀਆਂ।

ਇਸ ਮੌਕੇ ਮੇਅਰ ਸ: ਕਰਮਜੀਤ ਸਿੰਘ ਰਿੰਟੂ, ਵਿਧਾਇਕ ਸ੍ਰੀ ਤਰਸੇਮ ਸਿੰਘ, ਵਿਧਾਇਕ ਡਾ. ਰਾਜਕੁਮਾਰ ਵੇਰਕਾ, ਵਿਧਾਇਕ ਸ੍ਰੀ ਸੁਨੀਲ ਦੱਤੀ, ਵਿਧਾਇਕ ਸ: ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ, ਸਾਬਕਾ ਕੈਬਨਿਟ ਮੰਤਰੀ ਲਕਸ਼ਮੀਕਾਂਤਾ ਚਾਵਲਾ, ਵਧੀਕ ਮੁੱਖ ਸਕੱਤਰ ਸ੍ਰੀ ਸੰਜੈ ਕੁਮਾਰ, ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਸ: ਸ਼ਿਵਦੁਲਾਰ ਸਿੰਘ ਢਿਲੋਂ ਸਲਾਹਕਾਰ, ਚੇਅਰਮੈਨ ਸ੍ਰੀ ਦਿਨੇਸ਼ ਬੱਸੀ, ਚੇਅਰਮੈਨ ਸ੍ਰੀ ਜੁਗਲ ਕਿਸ਼ੋਰ, ਚੇਅਰਮੈਨ ਮਹੇਸ਼ ਖੰਨਾ, ਚੇਅਰਮੈਨ ਸ੍ਰੀਮਤੀ ਮਮਤਾ ਦੱਤਾ, ਸ਼ਹਿਰੀ ਪ੍ਰਧਾਨ ਸ੍ਰੀਮਤੀ ਜਤਿੰਦਰ ਸੋਨੀਆ, ਚੇਅਰਮੈਨ ਪਰਗਟ ਸਿੰਘ ਧੁੰਨਾ, ਡਿਪਟੀ ਮੇਅਰ ਸ੍ਰੀ ਯੁਨਸ ਕੁਮਾਰ, ਡਾ. ਆਂਚਲ ਅਰੋੜਾ, ਸ: ਗੁਰਦੇਵ ਸਿੰਘ ਝੀਤਾ ਅਤੇ ਹੋਰ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।