40 ਹਜ਼ਾਰ ਤੋਂ ਵੱਧ ਕਾਰੋਬਾਰੀਆਂ ਨੂੰ ਯਕਮੁਸ਼ਤ ਨਿਪਟਾਰਾ ਸਕੀਮ ਤਹਿਤ ਮਿਲੇਗੀ ਰਾਹਤ-ਸੋਨੀ
January 13th, 2021 | Post by :- | 32 Views

ਅੰਮ੍ਰਿਤਸਰ, ਜਨਵਰੀ: (ਮਨਬੀਰ ਸਿੰਘ)ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ 2021 ਨੂੰ ਪੰਜਾਬ ਕੈਬਨਿਟ ਵੱਲੋਂ ਪ੍ਰਵਾਨਗੀ ਦੇ ਦਿਤੀ ਗਈ ਜਿਸ ਤਹਿਤ 40 ਹਜ਼ਾਰ ਤੋਂ ਵੱਧ ਕਾਰੋਬਾਰੀਆਂ ਨੂੰ ਟੈਕਸ ਵਿੱਚ 90 ਫੀਸਦੀ ਦੀ ਛੋਟ ਅਤੇ ਵਿਆਜ ਤੇ ਜੁਰਮਾਨੇ ਵਿੱਚ 100 ਫੀਸਦੀ ਰਾਹਤ ਮਿਲੇਗੀ ਅਤੇ ਵਪਾਰੀਆਂ ਨੂੰ ਬਕਾਇਆ ਟੈਕਸ ਦੀ ਸਿਰਫ 10 ਫੀਸਦੀ ਅਦਾਇਗੀ ਅਤੇ ਵਿਆਜ ਤੇ ਜੁਰਮਾਨੇ ਦੀ ਕੋਈ ਵੀ ਕੀਮਤ ਅਦਾ ਕਰਨ ਦੀ ਜਰੂਰਤ ਨਹੀਂ ਹੋਵੇਗੀ।
ਇਨਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਵਰਚੂਅਲ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਸਮੇਂ ਕੀਤਾ। ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ ਦੇ ਲਾਗੂ ਹੋਣ ਨਾਲ ਸਰਕਾਰੀ ਖਜਾਨੇ ਤੇ 121.06 ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ ਅਤੇ ਇਹ ਯੋਜਨਾ 1 ਫਰਵਰੀ, 2021 ਤੋਂ ਪੂਰੇ ਰਾਜ ਵਿੱਚ ਲਾਗੂ ਕੀਤੀ ਜਾਵੇਗੀ ਜਿਸ ਤਹਿਤ ਸਾਰੇ ਕਾਰੋਬਾਰੀ ਜਿੰਨਾਂ ਦੀਆਂ ਅਸੈਸਮੈਂਟ 31 ਦਸੰਬਰ, 2020 ਤੱਕ ਕੀਤੀਆਂ ਜਾ ਚੁੱਕੀਆਂ ਹਨ ਉਹ 30 ਅਪ੍ਰੈਲ ਤੱਕ ਇਸ ਸਕੀਮ ਤਹਿਤ ਅਪਲਾਈ ਕਰ ਸਕਦੇ ਹਨ। ਸ੍ਰੀ ਸੋਨੀ ਨੇ ਕਿਹਾ ਕਿ ਇਸ ਦੇ ਨਾਲ ਹੀ ਕਾਰੋਬਾਰੀ ਕਾਨੂੰਨੀ ਫਾਰਮ ਜਿਵੇਂ ਸੀ ਫਾਰਮ ਵੀ ਜਮਾ ਕਰਵਾ ਸਕਦਾ ਹੈ ਜੋ ਕਿ ਅਸੈਸਮੈਂਟ ਦੇ ਸਮੇਂ ਨਹੀਂ ਦਿੱਤਾ ਗਿਆ ਅਤੇ ਕਾਰੋਬਾਰੀ ਨੂੰ ਸਵੈ ਅਸੈਸਮੈਂਟ ਕਰਨੀ ਹੋਵੇਗੀ। ਸ੍ਰੀ ਸੋਨੀ ਨੇ ਕਿਹਾ ਕਿ ਕੋਵਿਡ 19 ਕਰਕੇ ਖਾਸਕਰ ਕਾਰੋਬਾਰੀ ਭਾਈਚਾਰੇ ਨੂੰ ਤਾਲਾਬੰਦੀ ਦੌਰਾਨ ਕਾਫੀ ਨੁਕਸਾਨ ਝੱਲਣਾ ਪਿਆ ਹੈ ਅਤੇ ਉੂਨਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਇਹ ਸਕੀਮ ਲਿਆਂਦੀ ਗਈ ਹੈ।
ਸ੍ਰੀ ਸੋਨੀ ਨੇ ਕਿਹਾ ਕਿ ਉਨਾਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਵਪਾਰੀਆਂ ਦੀਆਂ ਇਸ ਮੁਸ਼ਕਲ ਨੂੰ ਲਿਆਂਦਾ ਗਿਆ ਸੀ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਗੌਰ ਕਰਦੇ ਹੋਏ ਇਸ ਸਕੀਮ ਨੂੰ ਪ੍ਰਵਾਨਗੀ ਦਿੱਤੀ ਹੈ। ਉਨਾਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਨ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਕਾਰੋਬਾਰੀਆਂ ਨੂੰ ਵਿਆਜ ਅਤੇ ਜੁਰਮਾਨੇ ਵਿੱਚ 100 ਫੀਸਦੀ ਦੀ ਰਾਹਤ ਮਿਲੇਗੀ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਲ 2013-14 ਲਈ ਕੀਤੀਆਂ ਅਸੈਸਮੈਂਟ ਵਿੱਚ 1 ਤੋਂ 5 ਲੱਖ ਰੁੂਪਏ ਦੀ ਮੰਗ ਵਾਲੇ 4755 ਕਾਰੋਬਾਰੀਆਂ ਨੂੰ ਵੀ ਫਾਇਦਾ ਹੋਵੇਗਾ। ਸ੍ਰੀ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਦੂਰ ਅੰਦੇਸ਼ੀ ਨੀਤੀ, ਪੰਜਾਬ ਦੀ ਕਿਸਾਨੀ, ਵਪਾਰੀਆਂ ਪ੍ਰਤੀ ਚੰਗੀ ਸੋਚ ਦਾ ਹੀ ਨਤੀਜਾ ਹੈ ਕਿ ਮਹਾਂਮਾਰੀ ਦੌਰਾਨ ਵੀ ਕਿਸੇ ਵੀ ਵਰਗ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ।
ਇਸ ਮੌਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸ੍ਰੀ ਪਿਆਰਾ ਲਾਲ ਸੇਠ ਵੱਲੋਂ ਕੈਬਨਿਟ ਮੰਤਰੀ ਸੋਨੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਸੋਨੀ ਨੇ ਸਾਡੀ ਇਸ ਮੰਗ ਨੂੰ ਮੁੱਖ ਮੰਤਰੀ ਪੰਜਾਬ ਪਾਸ ਉਠਾਇਆ ਸੀ ਅਤੇ ਇਨਾਂ ਦੀ ਬਦੌਲਤ ਅੱਜ ਇਹ ਸਕੀਮ ਲਾਗੂ ਹੋਣ ਨਾਲ ਕਾਰੋਬਾਰੀਆਂ ਨੂੰ ਕਾਫੀ ਰਾਹਤ ਮਿਲੀ ਹੈ। ਉਨਾਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਵੀ ਕਿਹਾ ਕਿ ਕੋਵਿਡ 19 ਮਹਾਂਮਾਰੀ ਦੌਰਾਨ ਕਾਰੋਬਾਰੀਆਂ ਨੂੰ ਹੋਏ ਨੁਕਸਾਨ ਤੋਂ ਵੀ ਕਾਫੀ ਰਾਹਤ ਮਿਲੇਗੀ। ਸ੍ਰੀ ਸੇਠ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਪੰਜਾਬ ਪਹਿਲਾ ਰਾਜ ਹੈ ਜਿਸ ਨੇ ਸਕੀਮ ਨੂੰ ਲਾਗੂ ਕਰਕੇ ਛੋਟੇ ਕਾਰੋਬਾਰੀਆਂ ਨੂੰ ਕਾਫੀ ਰਾਹਤ ਦਿੱਤੀ ਹੈ।
ਇਸ ਮੌਕੇ ਸ੍ਰੀ ਸੁਨੀਲ ਦੱਤੀ ਵਿਧਾਇਕ, ਐਸ:ਡੀ:ਐਮ ਸ੍ਰੀ ਵਿਕਾਸ ਹੀਰਾ, ਡਿਪਟੀ ਕਮਿਸ਼ਨਰ ਸੇਲ ਟੈਕਸ ਸ੍ਰੀਮਤੀ ਰਾਜਵਿੰਦਰ ਕੌਰ, ਏ:ਈ:ਟੀ:ਸੀ ਅੰਮਿ੍ਰਤਸਰ-1 ਸ੍ਰੀਮਤੀ ਅਮਨਦੀਪ ਕੌਰ, ਏ:ਈ:ਟੀ:ਸੀ ਅੰਮਿ੍ਰਤਸਰ-1 ਸ੍ਰੀ ਰਾਜਨ ਮਹਿਰਾ, ਜਿਲਾ ਖੁਰਾਕ ਤੇ ਸਪਲਾਈ ਅਫਸਰ ਮੈਡਮ ਜਸਜੀਤ ਕੌਰ, ਸ੍ਰੀ ਸਮੀਰ ਜੈਨ, ਸ੍ਰੀ ਪਰਮਜੀਤ ਸਿੰਘ ਬੱਤਰਾ, ਸ੍ਰੀ ਐਸ:ਕੇ:ਵਧਵਾ, ਸ੍ਰੀ ਸੁਰਿੰਦਰ ਦੁੱਗਲ ਪ੍ਰਧਾਨ ਪੰਜਾਬ ਵਪਾਰ ਮੰਡਲ, ਸ੍ਰੀ ਗਿੰਨੀ ਭਾਟੀਆ, ਸ੍ਰੀ ਰਾਜਨ ਮਹਿਰਾ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀ ਹਾਜਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।