ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੀੜਿਤਾਂ ਨਾਲ ਹਮਦਰਦੀ ਜਤਾਈ ,ਪੀੜਤਾਂ ਨੇ ਸਰਕਾਰੀ ਮੁਆਵਜ਼ਾ ਕੀਤਾ ਰੱਦ ।
August 9th, 2020 | Post by :- | 117 Views

ਸ਼੍ਰੋਮਣੀ ਅਕਾਲੀ ਦਲ ਨੇ ਜ਼ਹਿਰੀਲੀ ਸ਼ਰਾਬ ਦੇ ਪੀੜਤਾਂ ਨਾਲ ਹਮਦਰਦੀ ਪ੍ਰਗਟਾਈ, ਪੀੜਤਾਂ ਨੇ ਸਰਕਾਰੀ ਮੁਆਵਜ਼ਾ ਕੀਤਾ ਰੱਦ

ਬਿਕਰਮ ਸਿੰਘ ਮਜੀਠੀਆ ਪੀੜਤ ਪਰਿਵਾਰਾਂ ਨੂੰ ਮਿਲੇ, ਪਰਿਵਾਰਾਂ ਨੇ 25 ਲੱਖ ਰੁਪਏ ਮੁਆਵਜ਼ਾ ਤੇ ਪੀੜਤ ਪਰਿਵਾਰ ਵਿਚੋਂ ਇਕ ਇਕ ਜੀਅ ਲਈ ਸਰਕਾਰੀ ਨੌਕਰੀ ਦੇਣ ਦਾ ਮਤਾ ਕੀਤਾ ਪਾਸ

ਅੰਮ੍ਰਿਤਸਰ, 9 ਅਗਸਤ ਕੁਲਜੀਤ ਸਿੰਘ

: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਛਲ ਪਿੰਡ ਵਿਚ ਜ਼ਹਿਰੀਲੀ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਨਾਲ ਇਕਜੁੱਟਤਾ ਦਾ ਪ੍ਰਗਟਾ ਕੀਤਾ ਜਦਕਿ ਇਹਨਾਂ ਪੀੜਤ ਪਰਿਵਾਰਾਂ ਨੇ ਮੁੱਖ ਮੰਤਰੀ ਵੱਲੋਂ ਐਲਾਨੇ 5 ਲੱਖ ਰੁਪਏ ਮੁਆਵਜ਼ੇ ਨੂੰ ਰੱਦ ਕਰ ਦਿੱਤਾ ਅਤੇ 25 ਲੱਖ ਰੁਪਏ ਮੁਆਵਜ਼ਾ ਤੇ ਪੀੜਤ ਪਰਿਵਾਰਾਂ ਵਿਚੋਂ ਇਕ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।

ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਪਿੰਡ ਮੁੱਛਲ ਵਿਚ ਪੁੱਜ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਲੋਕਾਂ ਦੇ ਘਰਾਂ ਵਿਚ ਪਾਏ ਜਾ ਰਹੇ ਭੋਗਾਂ ਵਿਚ ਸ਼ਮੂਲੀਅਤ ਕੀਤੀ ਤੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਮਾਮਲੇ ਵਿਚ ਨਿਆਂ ਲੈਣ ਲਈ ਪੀੜਤ ਪਰਿਵਾਰਾਂ ਦੀ ਡਟਵੀਂ ਹਮਾਇਤ ਕਰੇਗਾ ਅਤੇ ਉਹਨਾਂ ਨੇ ਮਾਮਲੇ ਦੀ ਹਾਈ ਕੋਰਟ ਜਾਂ ਫਿਰ ਸੀ ਬੀ ਆਈ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਤਾਂ ਕਿ ਨਜਾਇਜ਼ ਸ਼ਰਾਬ ਦੇ ਧੰਦੇ ਵਿਚ ਸ਼ਾਮਲ ਦੋਸ਼ੀਆਂ ਨੂੰ ਫੜਿਆ ਜਾ ਸਕੇ।

ਪੀੜਤ ਪਰਿਵਾਰਾਂ ਤੇ ਪਿੰਡ ਦੇ ਲੋਕਾਂ ਨੇ ਇਸ ਮੌਕੇ ਇਕੱਤਰ ਹੋ ਕੇ ਇਕ ਪਾਸ ਮਤਾ ਕਰ ਕੇ ਕਾਂਗਰਸ ਸਰਕਾਰ ਵੱਲੋਂ ਐਲਾਨੇ 5 ਲੱਖ ਰੁਪਏ ਦੇ ਮੁਆਵਜ਼ੇ ਨੂੰ ਰੱਦ ਕਰ ਦਿੱਤਾ। ਮਤੇ ਵਿਚ ਹਰ ਪੀੜਤ ਪਰਿਵਾਰ ਨੂੰ 25-25 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ ਤੋਂ ਇਲਾਵਾ ਸਾਰੇ ਦੋਸ਼ੀਆਂ ਜਿਹਨਾਂ ਨੇ ਜ਼ਹਿਰੀਲੀ ਸ਼ਰਾਬ ਸਪਲਾਈ ਕੀਤੀ ਦੇ ਖਿਲਾਫ ਧਾਰਾ 302 ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗਈ। ਮਤੇ ਵਿਚ ਇਹ ਵੀ ਮੰਗ ਕੀਤੀ ਗਈ ਕਿ ਜਿਹੜੀਆਂ ਡਿਸਟੀਲਰੀਆਂ ਤੋਂ ਡਿਨੇਚਰਡ ਸਪਿਰਿਟ ਨਿਕਲਦੀ ਹੈ ਉਹਨਾਂ ਖਿਲਾਫ ਅਤੇ ਇਸ ਵਪਾਰ ਵਿਚ ਸ਼ਾਮਲ ਕਾਂਗਰਸੀ ਆਗੂ ਤੇ ਵਿਧਾਇਕਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਵੇਂ ਇਹ ਸਪਸ਼ਟ ਹੋ ਚੁੱਕਾ ਹੈ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਵਰਤਿਆ ਗਿਆ ਡਿਨੇਚਰਡ ਸਪਿਟ ਡਿਸਟੀਲਰੀਆਂ ਤੋਂ ਆਇਆ ਸੀ, ਸਰਕਾਰ ਇਸ ਮਾਮਲੇ ਨੂੰ ਰਫਾ ਦਫਾ ਕਰਨਾ ਚਾਹੁੰਦੀ ਹੈ ਤੇ ਸਿਰਫ ਉਹਨਾਂ ਦੇ ਪਿੱਛੇ ਪਈ ਹੈ ਜੋ ਦੇਸੀ ਸ਼ਰਾਬ ਕੱਢਦੇ ਹਨ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਜ਼ਹਿਰੀਲੀ ਸ਼ਰਾਬ ਦੇ ਪੀੜਤਾਂ ਪ੍ਰਤੀ ਅਪਣਾਏ ਬੇਰੁਖੇ ਵਤੀਰੇ ਨੂੰ ਵੀ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਮੁੱਖ ਮੰਤਰੀ ਨੂੰ ਸਿਰਫ ਤਰਨਤਾਰਨ ਦੇ ਹੀ ਪੀੜਤ ਪਰਿਵਾਰਾਂ ਕੋਲ ਆਉਣ ਨੂੰ 10 ਦਿਨ ਲੱਗ ਗਏ ਤੇ ਇਥੇ ਵੀ ਉਹਨਾਂ ਨੇ ਕੁਝ ਸੀਮਤ ਪਰਿਵਾਰਾਂ ਨਾਲ ਦੂਰੋਂ ਹੀ ਮੁਲਾਕਾਤ ਕੀਤੀ। ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਇਥੇ ਝੂਟੇ ਲੈਣ ਹੀ ਆਏ ਸਨ ਤੇ ਇਸ ਮੌਕਾ ਸਿਰਫ ਤਸਵੀਰਾਂ ਖਿਚਵਾਉਣ ਲਈ ਰੱਖਿਆ ਗਿਆ ਸੀ।

ਸ੍ਰੀ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਸ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਾ ਹੈ ਕਿਉਂਕਿ ਪਹਿਲਾਂ ਵੀ ਦੁਸ਼ਹਿਰਾ ਗਰਾਉਂਡ ਅਤੇ ਬਟਾਲਾ ਧਮਾਕੇ ਵਾਲੇ ਹਾਦਸੇ ਦੀ ਮੈਜਿਸਟਰੇਟੀ ਜਾਂਚ ਸਦਕਾ ਅਸਲ ਦੋਸ਼ੀ ਬਚ ਨਿਕਲੇ ਸਨ। ਉਹਨਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਕਾਂਡ ਵਿਚ ਸ਼ਾਮਲ ਦੋਸ਼ੀ ਤਾਂ ਹੀ ਸਲਾਖਾਂ ਪਿੱਛੇ ਹੋ ਸਕਦੇ ਹਨ ਜੇਕਰ ਮਾਮਲੇ ਦੀ ਸਹੀ ਤਰੀਕੇ ਜਾਂਚ ਕਰਵਾਈ ਜਾਵੇ ਕਿਉਂਕਿ ਮੈਜਿਸਟਰੇਟੀ ਜਾਂਚ ਤੋਂ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਖਿਲਾਫ ਕਾਰਵਾਈ ਦੀ ਆਸ ਨਹੀਂ ਕੀਤੀ ਜਾ ਸਕਦੀ।

ਅਕਾਲੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਤਰਨਤਾਰਨ ਦੇ ਤਤਕਾਲੀ ਐਸ ਐਸ ਪੀ ਧਰੁਵ ਦਾਹੀਆ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਉਹਨਾਂ ਹਿਕਾ ਕਿ ਬਜਾਏ ਅਫਸਰ, ਜੋ ਕਿ ਨਾਗਰਿਕਾਂ ਵੰਲੋਂ ਨਜਾਇਜ਼ ਸ਼ਰਾਬ ਦੇ ਧੰਦੇ ਖਿਲਾਫ ਦਿੱਤੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਕਾਰਵਾਈ ਕਰਨ ਤੋਂ ਟਾਲਾ ਵੱਟਦਾ ਰਿਹਾ ਤੇ ਇਸ ਅਫਸਰ ਖਿਲਾਫ ਕਾਰਵਾਈ ਕਰਨ ਦੀ ਥਾਂ ਕਾਂਗਰਸ ਸਰਕਾਰ ਨੇ ਉਸਨੂੰ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਨਿਯੁਕਤ ਕਰ ਕੇ ਪੁਰਸਕਾਰ ਦਿੱਤਾ ਹੈ।

ਇਕ ਸਵਾਲ ਦੇ ਜਵਾਬ ਵਿਚ ਸ੍ਰੀ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਸ ਵੱਡੇ ਕਾਂਡ ਬਾਰੇ ਚੁੱਪ ਧਾਰੀ ਬੈਠੇ ਹਨ। ਉਹਨਾਂ ਕਿਹਾ ਕਿ ਇਸ ਨਾਲ ਕਈ ਧਾਰਨਾਵਾ ਬਣ ਰਹੀਆਂ ਹਨ ਜਿਸ ਵਿਚ ਇਹ ਧਾਰਨਾ ਵੀ ਸ਼ਾਮਲ ਹੈ ਕਿ ਨਜਾਇਜ਼ ਸ਼ਰਾਬ ਮਾਫੀਆ ਦੇ ਨਾਲ ਕਾਂਗਰਸ ਪਾਰਟੀ ਰਲੀ ਹੋਈ ਹੈ।

ਸਰਕਾਰ ਨੂੰ ਗਰੀਬਾਂ ਨੂੰ ਮੁੱਖ ਮੰਤਰੀ ਸਾਹਮਣੇ ਪੇਸ਼ ਕਰਨ ਦੇ ਯਤਨਾਂ ਵਿਚ ਗਰੀਬਾਂ ਦੀ ਲੁੱਟ ਰੋਕਣ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਤਰਨਤਾਰਨ, ਬਟਾਲਾ ਤੇ ਅੰਮ੍ਰਿਤਸਰ ਵਿਚ ਤ੍ਰਾਸਦੀ ਦੇ ਪੀੜਤਾਂ ਦੇ ਘਰ ਜਾਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਹੁਣ ਵੀ ਇਸ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋ ਰਹੀਆਂ ਹਨ ਅਤੇ ਸਰਕਾਰ ਨੂੰ ਇਸ ਤਰੀਕੇ ਗਰੀਬ ਤੇ ਦਲਿਤ ਪਰਿਵਾਰਾਂ ਦੀ ਲੁੱਟ ਖਸੁੱਟ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਹਨਾਂ ਨੂੰ ਇਨਸਾਫ ਲੈ ਕੇ ਦੇਵੇਗਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।