ਨਕਲੀ ਕੀਟਨਾਸ਼ਕ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਸਖ਼ਤ ਕਾਰਵਾਈ-ਸੁਤੰਤਰ ਕੁਮਾਰ ਐਰੀ
August 6th, 2020 | Post by :- | 104 Views

 

ਬਠਿੰਡਾ, 6 ਅਗਸਤ (ਬਾਲ ਕ੍ਰਿਸ਼ਨ ਸ਼ਰਮਾ )ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਦੀ ਪ੍ਰਧਾਨਗੀ ਹੇਠ ਮਾਲਵੇ ਦੇ ਨਰਮਾ ਪੱਟੀ ਨਾਲ ਸਬੰਧਤ ਚਾਰ ਜ਼ਿਲਿਆਂ ਦੇ ਖੇਤੀਬਾੜੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇੱਥੋਂ ਦੇ ਖੇਤੀ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਉਨਾਂ ਕਿਹਾ ਕਿ ਨਕਲੀ ਕੀਟਨਾਸ਼ਕ ਦਵਾਈਆਂ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਨਕਲੀ ਦਵਾਈਆਂ ਵੇਚਣ ਵਾਲਿਆਂ ਨੂੰ ਨਕੇਲ ਪਾਉਣ ਲਈ ਵਿਭਾਗ ਵਲੋਂ ਮਾਲਵੇ ਦੀ ਕਾਟਨ ਬੈਲਟ ਨਾਲ ਸਬੰਧਤ ਚਾਰ ਜ਼ਿਲਿਆਂ ਬਠਿੰਡਾ, ਮਾਨਸਾ, ਫਾਜ਼ਿਲਕਾ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਬਲਾਕ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਨਾਂ ਕਮੇਟੀਆਂ ਵਿਚ ਤਿੰਨ ਸਰਕਾਰੀ ਨੁਮਾਂਇੰਦੇ ਅਤੇ ਇੱਕ ਨੁਮਾਂਇੰਦਾ ਕਿਸਾਨਾਂ ਵਲੋਂ ਨਾਮਜਦ ਕੀਤਾ ਜਾਵੇਗਾ।

ਬੈਠਕ ਦੌਰਾਨ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਨੇ ਚੱਲ ਰਹੇ ਸਿੱਲੇ ਮੌਸਮ ਕਾਰਨ ਫੀਲਡ ਸਟਾਫ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਨੂੰ ਔੜ ਨਾ ਲੱਗਣ ਦੇਣ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਇਸ ਤੋਂ ਪਹਿਲਾਂ ਉਨਾਂ ਵੱਲੋਂ ਬਠਿੰਡਾ ਜ਼ਿਲੇ ਦੇ ਪਿੰਡ ਕੋਟ ਫੱਤਾ ਤੇ ਕੋਟ ਸ਼ਮੀਰ ਵਿਖੇ ਨਰਮੇ, ਮੱਕੀ ਤੇ ਝੋਨੇ ਦੇ ਖੇਤਾਂ ਦਾ ਨਿਰੀਖਣ ਕੀਤਾ ਗਿਆ। ਉਨਾਂ ਦੱਸਿਆ ਕਿ ਨਰਮਾ ਪੱਟੀ ਦੇ ਜ਼ਿਲਿਆਂ ਵਿੱਚ ਪੈਸਟ ਸਰਵੇਲੈਸ ਟੀਮਾਂ ਦੀਆਂ ਰਿਪੋਰਟਾਂ ਅਨੁਸਾਰ ਇਸ ਸਮੇਂ ਚਿੱਟੇ ਮੱਛਰ ਦੀ ਸੰਖਿਆ ਆਰਥਿਕ ਕਗਾਰ ਤੋਂ ਥੋੜੀ ਘੱਟ ਹੈ।

ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜੇਕਰ ਕਿਸੇ ਖੇਤ ਵਿੱਚ ਚਿੱਟੇ ਮੱਛਰ ਦੀ ਸੰਖਿਆ ਆਰਥਿਕ ਕਗਾਰ ਤੋਂ ਵੱਧ ਹੈ ਤਾਂ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਦੀਆਂ ਸ਼ਿਫਾਰਿਸ ਕੀਤੀਆਂ ਗਈਆਂ ਕੀੜੇਮਾਰ ਜਹਿਰਾਂ ਦੀ ਵਰਤੋਂ ਕਰਨ ਲਈ ਹੀ ਪ੍ਰੇਰਿਤ ਕੀਤਾ ਜਾਵੇ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੀੜੇਮਾਰ ਦਵਾਈਆਂ ਦੀ ਮਿਕਸਿੰਗ ਕਰਨ ਤੋ ਗੁਰੇਜ਼ ਕਰਨ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਬਦਲ ਬਦਲ ਕੇ ਕੀਤੀ ਜਾਵੇ। ਚਿੱਟੇ ਮੱਛਰ ਦੀ ਰੋਕਥਾਮ ਲਈ ਓਸ਼ੀਨ (ਡਾਇਨੋਟੈਫੂਰਾਨ)-60 ਗ੍ਰਾਮ, ਲੈਨੋ (ਪਾਈਰੀਪਰੋਕਸੀਫਿਨ)-500 ਮਿ.ਲੀ, ੳਬਰੋਨ/ਵੋਲਟੇਜ਼ (ਸਪੈਰੋਮੈਸੀਫਿਨ)-200 ਮਿ.ਲੀ, ੳਲਾਲਾ (ਫਲੋਨਿਕਾਮਿਡ)-80 ਗ੍ਰਾਮ ਜਾਂ ਪੋਲੋ (ਡਾਈਆਫੈਨਥੂਯੂਰੋਨ)-200 ਗ੍ਰਾਮ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਇਸ ਮੌਕੇ ਉਨਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਨਰਮੇ ਦੀ ਫਸਲ ਤੋਂ ਵੱਧ ਝਾੜ ਲੈਣ ਲਈ 2 ਫੀਸਦ ਪੋਟਾਸ਼ੀਅਮ ਨਾਈਟਰੇਟ (13:0:45) ਦਾ ਛਿੜਕਾਅ ਫੁੱਲਾ ਦੇ ਸ਼ੁਰੂ ਹੋਣ ਤੋਂ ਲੈਕੇ ਇੱਕ ਇੱਕ ਹਫਤੇ ਦੇ ਵਕਫੇ ਤੇ 4 ਵਾਰ ਕਰੋ। ਉਨਾਂ ਨੇ ਇਹ ਵੀ ਕਿਹਾ ਕਿ ਕਿਸਾਨ ਨਰਮੇ ਦੇ ਖੇਤ ਅਤੇ ਖੇਤਾ ਦਾ ਆਲਾ ਦੁਆਲਾ ਨਦੀਨਾ ਤੋਂ ਮੁਕਤ ਰੱਖਣ। ਇਸ ਤੋਂ ਇਲਾਵਾ ਉਨਾਂ ਸਮੂਹ ਮੁੱਖ ਖੇਤੀਬਾੜੀ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਬਲਾਕਾਂ ਵਿੱਚ ਦਵਾਈਆਂ ਦੇ ਵੱਧ ਤੋਂ ਵੱਧ ਸੈਂਪਲ ਲੈਣ ਤਾਂ ਜੋ ਕਿਸਾਨਾਂ ਨੂੰ ਮਿਆਰੀ ਕੀੜੇਮਾਰ ਦਵਾਈਆਂ ਮੁਹੱਇਆ ਕਰਵਾਈਆ ਜਾ ਸਕਣ।ਉਨਾਂ ਨੇ ਕਿਸਾਨਾਂ ਨੂੰ ਵੀ ਕਿਹਾ ਕਿ ਦੁਕਾਨਾਂ ਤੋਂ ਪੱਕਾ ਬਿੱਲ ਲੈ ਕੇ ਹੀ ਖੇਤੀ ਸਮੱਗਰੀ ਦੀ ਖਰੀਦ ਕਰਨ।

ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਬਹਾਦਰ ਸਿੰਘ ਸਿੱਧੂ ਵੱਲੋ ਦੱਸਿਆ ਗਿਆ ਕਿ ਇਸ ਸਮੇ ਨਰਮੇ ਦੀ ਫਸਲ ਦੀ ਹਾਲਤ ਬਹੁਤ ਵਧੀਆ ਹੈ ਅਤੇ ਚਿੱਟੇ ਮੱਛਰ ਦਾ ਹਮਲਾ ਈ.ਟੀ.ਐਲ ਤੋ ਘੱਟ ਹੈ ਅਤੇ ਕਿਸਾਨਾਂ ਨੂੰ ਸਮੇ-ਸਮੇ ਤੇ ਲੋੜੀਦੀ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਨਰਮੇ ਦੀ ਫਸਲ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸ਼ਿਫਾਰਿਸ਼ ਅਨੁਸਾਰ ਹੀ ਕੀੜੇ ਮਾਰ ਦਵਾਈਆਂ ਦੀ ਵਰਤੋਂ ਕਰਨ ਲਈ ਸਲਾਹ ਦਿੱਤੀ ਗਈ। ਡਾ. ਸਿੱਧੂ ਵੱਲੋ ਹਾਊਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਨਰਮੇ ਦਾ ਚੰਗਾ ਝਾੜ ਹੋਣ ਦੀ ਆਸ ਹੈ।

ਮੀਟਿੰਗ ਵਿਚ ਹਾਜ਼ਰ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ, ਮਾਨਸਾ, ਫਾਜ਼ਿਲਕਾ ਨੇ ਦੱਸਿਆ ਕਿ ਇਨਾਂ ਜ਼ਿਲਿਆ ਵਿੱਚ ਨਰਮੇ ਦੀ ਫਸਲ ਦੀ ਹਾਲਤ ਠੀਕ ਹੈ। ਫਸਲ ਤੇ ਕਿਸੇ ਵੀ ਬਿਮਾਰੀ ਜਾਂ ਕੀੜੇ ਮਕੌੜੇ ਦਾ ਹਮਲਾ ਆਰਥਿਕ ਕਾਗਾਰ ਤੋ ਘੱਟ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।