ਸੋਨੀ ਵੱਲੋਂ ਕੋਵਿਡ 19 ਸਬੰਧੀ ਸਿਹਤ ਵਿਭਾਗ ਦੇ ਸਲਾਹਕਾਰ ਅਤੇ ਸੈਕਟਰੀ ਨਾਲ ਮੀਟਿੰਗ ।
June 25th, 2020 | Post by :- | 64 Views

ਸੋਨੀ ਵੱਲੋਂ ਕੋਵਿਡ-19 ਸਬੰਧੀ ਸਿਹਤ ਵਿਭਾਗ ਦੇ ਸਲਾਹਕਾਰ ਅਤੇ ਸੈਕਟਰੀ ਨਾਲ ਮੀਟਿੰਗ

24 ਘੰਟਿਆਂ ਵਿਚ ਕੋਵਿਡ-19 ਦੀ ਰਿਪੋਰਟ ਦੇਣ ਸਬੰਧੀ ਕੀਤੀ ਵਿਉਂਤਬੰਦੀ

ਕੋਵਿਡ-19 ਦੇ ਇਲਾਜ ਲਈ ਸਰਕਾਰ ਕਰਵਾ ਰਹੀ ਹੈ ਹਰ ਤਰਾਂ ਦੇ ਪ੍ਰਬੰਧ

ਅੰਮ੍ਰਿਤਸਰ, 25 ਜੂਨ (ਕੁਲਜੀਤ ਸਿੰਘ )-ਅੰਮ੍ਰਿਤਸਰ ਵਿਚ ਕੋਵਿਡ-19 ਦੀ ਮੌਜੂਦਾ ਸਥਿਤੀ ਅਤੇ ਇਸ ਦੀ ਰੋਕਥਾਮ ਲਈ ਵਿਉਂਤਬੰਦੀ ਕਰਨ ਵਾਸਤੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਸਿਹਤ ਵਿਭਾਗ ਦੇ ਸਲਾਹਕਾਰ ਡਾ. ਕੇ. ਕੇ. ਤਲਵਾੜ, ਸੈਕਟਰੀ ਸਿਹਤ ਸ੍ਰੀ ਡੀ. ਕੇ. ਤਿਵਾੜੀ ਅਤੇ ਜਿਲਾ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕੀਤੀ। ਮੀਟਿੰਗ ਵਿਚ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ, ਪ੍ਰਿੰਸੀਪਲ ਸੁਜਾਤਾ ਸ਼ਰਮਾ, ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਵੀ ਹਾਜ਼ਰ ਸਨ। ਇਸ ਮੌਕੇ ਫੈਸਲਾ ਲਿਆ ਗਿਆ ਕਿ ਗੁਰੂ ਨਾਨਕ ਮੈਡੀਕਲ ਕਾਲਜ ਅਤੇ ਹਸਪਤਾਲ ਅੰਮ੍ਰਿਤਸਰ ਹਰੇਕ ਵਿਅਕਤੀ ਦੀ ਕੋਵਿਡ ਰਿਪੋਰਟ 24 ਘੰਟਿਆਂ ਵਿਚ ਦੇਵੇ, ਜਿਸ ਨਾਲ ਸ਼ੱਕੀ ਵਿਅਕਤੀਆਂ ਨੂੰ ਮਾਨਸਿਕ ਤਨਾਅ ਤੋਂ ਮੁਕਤੀ ਮਿਲ ਸਕੇਗੀ ਅਤੇ ਪਾਜ਼ੀਟਵ ਆਏ ਮਰੀਜ਼ ਦਾ ਇਲਾਜ ਸ਼ੁਰੂ ਕਰਕੇ ਉਸਦੇ ਸੰਪਰਕ ਚੇਨ ਨੂੰ ਤੋੜਿਆ ਜਾ ਸਕੇਗਾ। ਸ੍ਰੀ ਸੋਨੀ ਨੇ ਕਿਹਾ ਕਿ ਅਸੀਂ ਕੋਵਿਡ-19 ਉਤੇ ਜਿਤ ਪ੍ਰਾਪਤ ਕਰਨੀ ਹੈ ਅਤੇ ਇਸ ਲਈ ਅਸੀਂ ਕੋਰੋਨਾ ਨੂੰ ਫੈਲਣ ਤੋਂ ਰੋਕਣ ਦੇ ਨਾਲ-ਨਾਲ ਇਸਦੇ ਇਲਾਜ ਵੱਲ ਵੀ ਪੂਰਾ ਧਿਆਨ ਦੇ ਰਹੇ ਹਾਂ।

ਸ੍ਰੀ ਸੋਨੀ ਨੇ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੰਜਾਬ ਵਿਚ ਕਰੀਬ 2.40 ਲੱਖ ਲੋਕਾਂ ਦੇ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ, ਜਿਸ ਵਿਚੋਂ 4 ਕੁ ਹਜ਼ਾਰ ਵਿਅਕਤੀ ਪਾਜ਼ਿਟਵ ਆਏ ਹਨ। ਉਨਾਂ ਕਿਹਾ ਕਿ ਸਾਡੇ ਕੋਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਹਰ ਤਰਾਂ ਦੇ ਪ੍ਰਬੰਧ ਮੌਜੂਦ ਹਨ ਅਤੇ ਸਰਕਾਰ ਮਹਿੰਗੇ ਤੋਂ ਮਹਿੰਗੇ ਇਲਾਜ ਪ੍ਰਣਾਲੀ ਦੀ ਵਿਵਸਥਾ ਵੀ ਸਰਕਾਰੀ ਹਸਪਤਾਲਾਂ ਵਿਚ ਕਰ ਚੁੱਕੀ ਹੈ। ਇਸ ਤੋਂ ਇਲਾਵਾ ਪਲਾਜ਼ਮਾ ਨਾਲ ਪੀੜਤਾਂ ਦਾ ਇਲਾਜ ਵੀ ਸ਼ੁਰੂ ਕੀਤਾ ਜਾ ਚੁੱਕਾ ਹੈ, ਜਿਸਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਉਨਾਂ ਕੋਵਿਡ-19 ਤੋਂ ਠੀਕ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ, ਤਾਂ ਜੋ ਪੀੜਤ ਲੋਕਾਂ ਦੀ ਇਲਾਜ ਅਸਾਨੀ ਨਾਲ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਇਸ ਵੇਲੇ ਸਾਰੇ ਹਸਪਤਾਲਾਂ ਵਿਚ ਇਲਾਜ ਦੀ ਕਮਾਂਡ ਸੀਨੀਅਰ ਡਾਕਟਰਾਂ ਹੱਥ ਹੈ ਅਤੇ ਉਹ ਸਟੇਟ ਪੱਧਰ ਉਤੇ ਬਣਾਏ ਗਏ ਗਰੁੱਪਾਂ ਵਿਚੋਂ ਵੀ ਲੋੜ ਵੇਲੇ ਸਲਾਹ-ਮਸ਼ਵਰਾ ਕਰਕੇ ਮਰੀਜ਼ਾਂ ਦੀ ਸਿਹਤ-ਸੰਭਾਲ ਵਿਚ ਲੱਗੇ ਹਨ।

ਇਸ ਮੌਕੇ ਇਕ ਪ੍ਰਸ਼ਨ ਦੇ ਉਤਰ ਵਿਚ ਸ੍ਰੀ ਸੋਨੀ ਨੇ ਕਿਹਾ ਕਿ ਕੇਂਦਰ ਵੱਲੋਂ ਕੋਵਿਡ ਸੰਕਟ ਵਿਚ ਲਗਾਤਾਰ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਇਜਾਫ਼ਾ ਕਰਕੇ ਲੋਕਾਂ ਉਤੇ ਵਾਧੂ ਵਿੱਤੀ ਬੋਝ ਪਾਇਆ ਜਾ ਰਿਹਾ ਹੈ, ਜੋ ਕਿ ਨਿੰਦਣਯੋਗ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਕੇਂਦਰ ਸਰਕਾਰ ਦੇ ਇਸ ਫੈਸਲੇ ਵਿਰੁੱਧ ਸੋਮਵਾਰ ਨੂੰ ਰੋਸ ਪ੍ਰਦਰਸ਼ਨ ਕਰੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਉਤੇ ਅਮਲ ਕਰਨ।

ਕੈਪਸ਼ਨ

ਸਰਕਟ ਹਾਊਸ ਵਿਚ ਸਿਹਤ ਅਤੇ ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਸ੍ਰੀ ਓ ਪੀ ਸੋਨੀ। ਨਾਲ ਹਨ ਡਾ. ਕੇ. ਕੇ. ਤਲਵਾੜ, ਸ੍ਰੀ ਡੀ ਕੇ ਤਿਵਾੜੀ, ਸ. ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਹੋਰ।

=========

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।