ਪੁਲਿਸ ਨੇ ਕੋਵਿਡ ਤੋਂ ਬਚਣ ਦਾ ਸੱਦਾ ਦਿੰਦੇ ਲੋਕਾਂ ਦੇ ਦਰ ਦਰ ਖੜਕਾਏ ।
June 20th, 2020 | Post by :- | 68 Views

 

ਪੁਲਿਸ ਨੇ ਕੋਵਿਡ ਤੋਂ ਬਚਣ ਦਾ ਸੱਦਾ ਦਿੰਦੇ ਲੋਕਾਂ ਦੇ ਦਰ ਖੜਕਾਏ

ਕਮਿਸ਼ਨਰ ਪੁਲਿਸ ਨੇ ਮਿਸ਼ਨ ਫ਼ਤਿਹ ਦੇ ਬੈਜ ਲਗਾਏ ਅਤੇ ਪੋਸਟਰਾਂ ਦੀ ਕੀਤੀ ਵੰਡ

ਅੰਮ੍ਰਿਤਸਰ, 20 ਜੂਨ (ਕੁਲਜੀਤ ਸਿੰਘ )-ਮਿਸ਼ਨ ਫ਼ਤਿਹ ਤਹਿਤ ਜ਼ਿਲੇ ਨੂੰ ਲੋਕਾਂ ਦੇ ਸਹਿਯੋਗ ਨਾਲ ਕੋਰੋਨਾ ਤੋਂ ਮੁਕਤ ਕਰਨ ਲਈ ਆਰੰਭੀ ਗਈ ਮੁਹਿੰਮ ਤਹਿਤ ਅੱਜ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਵੱਲੋਂ ਅਧਿਕਾਰੀਆਂ, ਜਵਾਨਾਂ ਅਤੇ ਵਲੰਟੀਅਰਾਂ ਨੂੰ ਪੁਲਿਸ ਨਾਕਿਆਂ ‘ਤੇ ਡਿਊਟੀ ਦੇਣ ਦੇ ਨਾਲ-ਨਾਲ ਘਰ-ਘਰ ਪਹੁੰਚ ਕਰਕੇ ਲੋਕਾਂ ਨੂੰ ਕੋਵਿਡ-19 ਦੇ ਖਤਰੇ ਤੋਂ ਜਾਣੂੰ ਕਰਵਾ ਕੇ ਸਿਹਤ ਵਿਭਾਗ ਵੱਲੋਂ ਦਿੱਤੇ ਮੁੱਢਲੇ ਤਿੰਨ ਗੁਰ, ਜਿਸ ਵਿਚ ਮਾਸਕ ਪਾਉਣਾ, ਆਪਸੀ ਦੂਰੀ 2 ਗਜ਼ ਰੱਖਣੀ ਤੇ ਹੱਥਾਂ ਦੀ ਸਫਾਈ ਸ਼ਾਮਿਲ ਹੈ, ਦੀ ਜਾਣਕਾਰੀ ਦੇਣ ਦੀ ਹਦਾਇਤ ਕੀਤੀ। ਇਸ ਮੌਕੇ ਉਨਾਂ ਮਿਸ਼ਨ ਫ਼ਤਿਹ ਦੇ ਬੈਜ ਵੀ ਅਧਿਕਾਰੀਆਂ, ਜਵਾਨਾਂ ਅਤੇ ਵਲੰਟੀਅਰਾਂ ਨੂੰ ਲਗਾਏ ਅਤੇ ਮਿਸ਼ਨ ਯੋਧੇ ਬਣਨ ਲਈ ਪ੍ਰੇਰਿਆ।

ਡਾ ਗਿਲ ਨੇ ਇਸ ਮੌਕੇ ਆਖਿਆ ਕਿ ਜੇਕਰ ਆਪਾਂ ਸਾਰੇ ਆਪਣੇ ਸ਼ਹਿਰ, ਪਿੰਡ, ਰਾਜ ਅਤੇ ਦੇਸ਼ ਦੀ ਸੁਖ ਚਾਹੁੰਦੇ ਹਾਂ ਤਾਂ ਸਾਨੂੰ ਸਾਰੇ ਲੋਕਾਂ ਦਾ ਸਾਥ ਲੈਣਾ ਪਵੇਗਾ, ਕਿਉਂਕਿ ਕੋਵਿਡ-19 ਦਾ ਖ਼ਤਰਾ ਉਦੋਂ ਤੱਕ ਬਰਕਰਾਰ ਹੈ, ਜਦੋਂ ਤੱਕ ਸਾਡੇ ਸਾਰੇ ਨਾਗਰਿਕ ਇਸ ਤੋਂ ਬਚਣ ਲਈ ਅਪਨਾਈਆਂ ਜਾਣ ਵਾਲੀਆਂ ਸਾਵਧਾਨੀਆਂ ਦਾ ਪਾਲਣ ਨਹੀਂ ਕਰ ਲੈਂਦੇ। ਉਨਾਂ ਨੇ ਨਾਕਿਆਂ ਉਤੇ ਡਿਊਟੀਆਂ ਕਰਨ ਵਾਲੇ ਵਾਲੰਟੀਅਰਾਂ ਦੀਆਂ ਸੇਵਾਵਾਂ ਦੀ ਵੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਖੁਦ ਇਨਾਂ ਵਾਲੰਟੀਅਰਾਂ ਦੇ ਥਾਣਾ ਵਾਰ ਬਣਾਏ ਵਟਸਐਪ ਗਰੁੱਪਾਂ ਵਿੱਚ ਮੈਂਬਰ ਹਨ ਅਤੇ ਇਨਾਂ ਵੱਲੋਂ ਦਿੱਤੇ ਜਾਂਦੇ ਫੀਡਬੈਕ ਪੁਲਿਸ ਲਈ ਬਹੁਤ ਹੀ ਲਾਭਕਾਰੀ ਹੁੰਦੇ ਹਨ।

ਉਨਾਂ ਨੇ ਕੋਵਿਡ ਦੀ ਰੋਕਥਾਮ ਲਈ ਮੂੰਹ ‘ਤੇ ਮਾਸਕ, ਹੱਥ ਧੋਣ, ਸਮਾਜਿਕ ਦੂਰੀ ਦੇ ਸਿਧਾਂਤਾਂ ‘ਤੇ ਲੋਕਾਂ ਪਾਸੋਂ ਅਮਲ ਕਰਵਾਉਣ ਦਾ ਅਹਿਦ ਵੀ ਕਰਮਚਾਰੀਆਂ ਅਤੇ ਵਲੰਟੀਅਰਾਂ ਕੋਲੋਂ ਲਿਆ। ਉਨਾਂ ਦੱਸਿਆ ਕਿ ਹਰੇਕ ਥਾਣੇ ਦਾ ਐਸ ਐਚ ਓ ਆਪਣੇ ਖੇਤਰ ਅਧੀਨ ਬਣਾਈਆਂ ਗਈਆਂ ਹਰੇਕ ਪਿੰਡ ਦੀਆਂ ਟੀਮਾਂ ਵਿੱਚ ਮੈਂਬਰ ਰੱਖਿਆ ਗਿਆ ਹੈ।

ਡੀ ਸੀ ਪੀ ਜਗਮਹੋਨ ਸਿੰਘ ਨੇ ਸਮੂਹ ਅਧਿਕਾਰੀਆਂ ਤੇ ਵਲੰਟੀਅਰਾਂ ਨੂੰ ਆਪੋ-ਆਪਣੇ ਮੋਬਾਇਲ ‘ਤੇ ਕੋਵਾ ਐਪ ਡਾਊਨ ਲੋਡ ਕਰਕੇ ‘ਜੁਆਇਨ ਮਿਸ਼ਨ ਫ਼ਤਿਹ’ ਰਾਹੀਂ ‘ਮਿਸ਼ਨ ਯੋਧੇ’ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰੇਰਿਆ।

ਇਸ ਮਗਰੋਂ ਪੁਲਿਸ ਦੇ ਅਧਿਕਾਰੀ ਅਤੇ ਜਵਾਨ ਸ਼ਹਿਰ ਦੇ 22 ਥਾਣਾ ਖੇਤਰਾਂ ਵਿਚ ਪੈਂਦੇ ਆਪਣੇ-ਆਪਣੇ ਖੇਤਰਾਂ ਵਿਚ ਗਏ ਤੇ ਨਾਕਿਆਂ ਤੋਂ ਲੰਘਦੇ ਲੋਕਾਂ ਦੇ ਨਾਲ-ਨਾਲ ਅਬਾਦੀ ਵਿਚਲੇ ਘਰਾਂ ਵਿਚ ਜਾ ਕੇ ਲੋਕਾਂ ਨੂੰ ਕੋਵਿਡ-19 ਦੇ ਖ਼ਤਰੇ ਤੋਂ ਜਾਣੂੰ ਕਰਵਾ ਕੇ ਮਿਸ਼ਨ ਫਤਿਹ ਦਾ ਹਿੱਸਾ ਬਣਨ ਲਈ ਪ੍ਰੇਰਿਆ। ਜਵਾਨਾਂ ਨੇ ਇਸ ਮੌਕੇ ਸਾਵਧਾਨੀ ਦਰਸਾਉਂਦੇ ਪੋਸਟਰ ਲੋਕਾਂ ਵਿਚ ਵੰਡੇ ਅਤੇ ਕੋਵਾ ਐਪ ਵੀ ਲੋਕਾਂ ਦੇ ਫੋਨ ਵਿਚ ਡਾਊਨਲੋਡ ਕਰਵਾ ਕੇ ਉਨਾਂ ਨੂੰ ਸਾਵਧਾਨੀਆਂ ਦਾ ਪਾਲਣ ਕਰਨ ਤੇ ਇਸਦਾ ਪ੍ਰਚਾਰ ਕਰਨ ਲਈ ਪ੍ਰੇਰਿਆ। ਇਸ ਮੁਹਿੰਮ ਵਿਚ ਡੀ ਸੀ ਪੀ ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਏ. ਡੀ. ਸੀ. ਪੀ. ਡਾ. ਸਿਮਰਤ ਕੌਰ, ਏ ਸੀ ਪੀ ਸ੍ਰੀ ਸੁਸ਼ੀਲ ਕੁਮਾਰ, ਏ. ਡੀ. ਸੀ. ਪੀ. ਸ. ਹਰਪਾਲ ਸਿੰਘ, ਏ ਡੀ ਸੀ ਪੀ ਸ. ਹਰਜੀਤ ਸਿੰਘ ਧਾਲੀਵਾਲ, ਇੰਸਪੈਕਟਰ ਸ੍ਰੀ ਅਨੂਪ ਸੈਣੀ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।