ਮਿਸ਼ਨ ਫਤਹਿ -ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਡਾਕਟਰਾਂ ਨੂੰ ਥਾਪੜਾ ।
May 31st, 2020 | Post by :- | 43 Views
ਮਿਸ਼ਨ ਫਤਿਹ-ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਡਾਕਟਰਾਂ ਨੂੰ ਥਾਪੜਾ
ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਕੀਤੀ ਸਰਬਤ ਦੇ ਭਲੇ ਦੀ ਅਰਦਾਸ
ਅੰਮ੍ਰਿਤਸਰ, 31 ਮਈ ( ਕੁਲਜੀਤ ਸਿੰਘ    )-ਕੋਵਿਡ 19 ਵਿਰੁੱਧ ਜੰਗ ਵਿਚ ਡਟੇ ਸਿਹਤ ਵਿਭਾਗ ਦੇ ਅਮਲੇ ਨੂੰ ਥਾਪੜਾ ਦੇਣ ਲਈ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਅੱਜ ਵਿਸ਼ੇਸ਼ ਤੌਰ ਉਤੇ ਅੰਮ੍ਰਿਤਸਰ ਪੁੱਜੇ। ਇੱਥੇ ਉਨਾਂ ਡਾਕਟਰਾਂ ਤੇ ਹੋਰ ਸਟਾਫ ਦੀਆਂ ਮੁਸ਼ਿਕਲਾਂ ਸੁਣੀਆਂ। ਸਿਹਤ ਵਿਭਾਗ ਵੱਲੋਂ ਸੰਕਟ ਮੌਕੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੋਂ ਖੁਸ਼ ਹੁੰਦੇ ਸ. ਸਿੱਧੂ ਨੇ ਕਿਹਾ ਕਿ ਮੈਂ ਬਤੌਰ ਮੰਤਰੀ ਵਿਭਾਗ ਦੀਆਂ ਸੇਵਾਵਾਂ ਦਾ ਰਿਣੀ ਹਾਂ ਅਤੇ ਅੱਜ ਵਿਸ਼ੇਸ਼ ਤੌਰ ਉਤੇ ਆਪਣੇ ਵਿਭਾਗ ਦੇ ਇੰਨਾਂ ਯੋਧਿਆਂ ਦਾ ਧੰਨਵਾਦ ਕਰਨ ਲਈ ਹੀ ਆਇਆ ਹਾਂ। ਉਨਾਂ ਕਿਹਾ ਕਿ ਜਿਸ ਤਰਾਂ ਸਾਡੇ ਡਾਕਟਰ ਤੇ ਸਮੁੱਚਾ ਅਮਲਾ ਦਿਨ-ਰਾਤ ਇਕ ਕਰਕੇ ਸ਼ੱਕੀ ਮਰੀਜਾਂ ਦੇ ਨਮੂਨੇ ਅਤੇ ਉਨਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਤਲਾਸ਼ ਕਰ ਰਿਹਾ ਹੈ, ਉਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਅਸੀਂ ਛੇਤੀ ਹੀ ਇਹ ਮਿਸ਼ਨ ਫ਼ਤਿਹ ਕਰ ਲਵਾਗੇ।
ਉਨਾਂ ਕਿਹਾ ਹੁਣ ਤੱਕ ਪੰਜਾਬ ਵਿਚ ਜਿੰਨੇ ਵੀ ਮਰੀਜ਼ ਸਾਹਮਣੇ ਆਏ ਹਨ, ਉਹ ਜ਼ਿਆਦਾਤਰ ਕਿਧਰੇ ਨਾ ਕਿਧਰੇ ਦੀ ਟਰੈਵਲ ਹਿਸਟਰੀ ਵਾਲੇ ਹਨ। ਸਾਡੇ ਵਿਭਾਗ ਨੇ ਉਨਾਂ ਦੇ ਸੰਪਰਕ ਖੋਜ ਕੇ ਕੋਵਿਡ 19 ਦੀਆਂ ਜੜਾਂ ਨੂੰ ਹੱਥ ਪਾ ਲਿਆ ਹੈ, ਜਿਸ ਨਾਲ ਬਿਮਾਰੀ ਨੂੰ ਅੱਗੇ ਫੈਲਣ ਦਾ ਮੌਕਾ ਨਹੀਂ ਮਿਲਿਆ। ਉਨਾਂ ਕਿਹਾ ਕਿ ਜਿਸ ਤਰਾਂ ਅਸੀਂ ਦੂਸਰੇ ਰਾਜਾਂ ਨੂੰ ਜਾਣ ਵਾਲੇ ਸਾਰੇ ਲੋਕਾਂ ਦੀ ਡਾਕਟਰੀ ਜਾਂਚ ਕਰਕੇ ਭੇਜ ਰਹੇ ਹਾਂ, ਜੇਕਰ ਬਾਹਰਲੇ ਰਾਜ ਵੀ ਇਸ ਤਰਾਂ ਸਕਰੀਨਿੰਗ ਕਰਕੇ ਭੇਜਣ ਤਾਂ ਵਾਇਰਸ ਨੂੰ ਹੋਰ ਵੀ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸੇ ਤਰਾਂ ਸਾਵਧਾਨੀ ਅਪਨਾਉਂਦੇ ਹੋਏ ਇਸ ਜੰਗ ਵਿਚ ਡਟੇ ਰਹਿਣ ਤੇ ਧਾਰਮਿਕ ਸਥਾਨਾਂ ਉਤੇ ਵੀ ਭੀੜ ਇਕੱਠੀ ਨਾ ਹੋਣ ਦੇਣ ਤਾਂ ਛੇਤੀ ਹੀ ਅਸੀਂ ਇਸ ਸੰਕਟ ਵਿਚੋਂ ਬਾਹਰ ਆ ਜਾਵਾਂਗੇ। ਅੰਮ੍ਰਿਤਸਰ ਵਿਚ ਲਗਾਤਾਰ ਆ ਰਹੇ ਮਰੀਜ਼ਾਂ ਦੀ ਗੱਲ ਕਰਦੇ ਉਨਾਂ ਕਿਹਾ ਕਿ ਇਹ ਪੰਜਾਬ ਦਾ ਵੱਡਾ ਆਵਾਜਾਈ ਵਾਲਾ ਸ਼ਹਿਰ ਹੈ, ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਅੰਤਰਰਾਸ਼ਟਰੀ ਸਰਹੱਦ ਹੋਣ ਕਾਰਨ ਬਾਹਰੋਂ ਆਉਣ ਵਾਲਿਆਂ ਦੇ ਮੌਕੇ ਹੋਰ ਵੱਧ ਜਾਂਦੇ ਹਨ, ਇਸ ਤਰਾਂ ਲਗਾਤਾਰ ਇੱਥੇ ਗਿਣਤੀ ਵਧੀ ਹੈ, ਪਰ ਘਬਰਾਉਣ ਦੀ ਲੋੜ ਨਹੀਂ। ਸਾਡੇ ਵੱਲੋਂ ਹਰੇਕ ਮਰੀਜ਼ ਦੇ ਸੰਪਰਕ ਤਲਾਸ਼ ਕੇ ਉਨਾਂ ਨੂੰ ਇਕਾਂਤਵਾਸ ਵਿਚ ਰੱਖਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਾਡੀਆਂ ਟੀਮਾਂ ਮੁਸ਼ਤੈਦੀ ਨਾਲ ਕੰਮ ਕਰ ਰਹੀਆਂ ਹਨ ਅਤੇ ਹੁਣ ਸਾਧਨਾਂ ਦੀ ਵੀ ਕੋਈ ਕਮੀ ਨਹੀਂ ਰਹੀ। ਇਸ ਲਈ ਘਬਰਾਹਟ ਵਾਲੀ ਗੱਲ ਰਤੀ ਭਰ ਨਹੀਂ, ਸਿਰਫ ਸਾਵਧਾਨੀ ਦੀ ਲੋੜ ਹੈ। ਇਸ ਮੌਕੇ ਦਿਹਾਤੀ ਕਾਂਗਰਸ ਦੇ ਪ੍ਰਧਾਨ ਸ. ਭਗਵੰਤਪਾਲ ਸਿੰਘ ਸੱਚਰ, ਸਿਵਲ ਸਰਜਨ ਡਾ ਜੁਗਲ ਕਿਸ਼ੋਰ, ਡਾ. ਕਿਰਨਦੀਪ ਕੌਰ, ਡਾ. ਰਮਿੰਦਰ ਸਿੰਘ ਸੇਠੀ, ਡਾ. ਮਦਨ ਮੋਹਨ, ਡਾ. ਰਮੇਸ਼ਪਾਲ, ਡਾ. ਸ਼ਰਨਜੀਤ ਕੌਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਇਸ ਤੋਂ ਪਹਿਲਾਂ ਸਿਹਤ ਮੰਤਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਉਨਾਂ ਇਸ ਮੌਕੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਅਤੇ ਲੰਗਰ ਹਾਲ ਵਿਚ ਬੈਠ ਕੇ ਲੰਗਰ ਵੀ ਛਕਿਆ। ਸ੍ਰੋਮਣੀ ਕਮੇਟੀ ਵੱਲੋਂ ਸ. ਸਿੱਧੂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।