ਕੋਵਿਡ ਤੋਂ ਬਚਾਅ ਸਬੰਧੀ ਹਜਾਮਤ ਦੀਆਂ ਦੁਕਾਨਾਂ, ਹੇਅਰ ਕੱਟ ਸੈਲੂਨਜ਼ ਲਈ ਸਿਹਤ ਵਿਭਾਗ ਵਲੋਂ ਵਿਸ਼ੇਸ਼ ਅਡਵਾਇਜ਼ਰੀ ਜਾਰੀ
May 25th, 2020 | Post by :- | 91 Views

ਬਠਿੰਡਾ, 25 ਮਈ-( ਬਾਲ ਕ੍ਰਿਸ਼ਨ ਸ਼ਰਮਾ)ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੋਰੋਨਾ ਤੋਂ ਬਚਾਅ ਲਈ ਹਜਾਮਤ ਦੀਆਂ ਦੁਕਾਨਾਂ ਤੇ ਹੇਅਰ ਕੱਟ ਸੈਲੂਨਜ਼ ਲਈ ਸਫ਼ਾਈ ਤੇ ਸੈਨੇਟਾਈਜੇਸ਼ਨ ਸਬੰਧੀ ਵਿਸ਼ੇਸ਼ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਹਜਾਮਤ ਦੀਆਂ ਦੁਕਾਨਾਂ ਅਤੇ ਹੇਅਰ ਕੱਟ ਸੈਲੂਨਜ਼ ਵਿਚ ਗ੍ਰਾਹਕ ਅਤੇ ਦੁਕਾਨਾਂ ਦਾ ਸਟਾਫ਼ ਬਹੁਤ ਕਰੀਬੀ ਸੰਪਰਕ ਵਿਚ ਆਉਂਦੇ ਹਨ, ਜਿਸ ਨਾਲ ਕੋਰੋਨਾ ਵਾਇਰਸ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ, ਇਸੇ ਲਈ ਸਰਕਾਰ ਵੱਲੋਂ ਇਨਾਂ ਦੁਕਾਨਾਂ ਲਈ ਸਫ਼ਾਈ ਤੇ ਸੈਨੇਟਾਈਜੇਸ਼ਨ ਸਬੰਧੀ ਇਹ ਵਿਸ਼ੇਸ਼ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਉਨਾਂ ਹਦਾਇਤ ਕੀਤੀ ਕਿ ਹਜਾਮਤ ਦੀਆਂ ਦੁਕਾਨਾਂ ਤੇ ਹੇਅਰ ਕੱਟ ਸੈਲੂਨ ਇਹ ਯਕੀਨੀ ਬਣਾਉਣ ਕਿ ਜੇਕਰ ਕਿਸੇ ਸਟਾਫ਼ ਮੈਂਬਰ ਨੂੰ ਕੋਰੋਨਾ ਦੇ ਲੱਛਣ ਬੁਖ਼ਾਰ, ਸੁੱਕੀ ਖੰਘ ਜਾਂ ਸਾਹ ਲੈਣ ਵਿੱਚ ਤਕਲੀਫ਼ ਆਦਿ ਹੋਵੇ ਤਾਂ ਅਜਿਹੇ ਵਿਅਕਤੀ ਘਰ ਹੀ ਰਹਿਣ ਅਤੇ ਮੈਡੀਕਲ ਸਲਾਹ ਲਈ ਜਾਵੇ ਅਤੇ ਅਜਿਹੇ ਲੱਛਣਾਂ ਵਾਲੇ ਗ੍ਰਾਹਕ ਨੂੰ ਵੀ ਅਟੈਂਡ ਨਾ ਕੀਤਾ ਜਾਵੇ। ਜਿਥੋਂ ਤੱਕ ਸੰਭਵ ਹੋਵੇ ਗ੍ਰਾਹਕ ਦੇ ਨਾਲ ਕਿਸੇ ਨੂੰ ਆਉਣ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਮਾਲਿਕ ਇਹ ਵੀ ਯਕੀਨੀ ਬਣਾਵੇ ਕਿ ਦੁਕਾਨ ’ਤੇ ਵਾਧੂ ਇਕੱਠ ਨਾ ਹੋਵੇ।

ਇਨਾਂ ਦੁਕਾਨਾਂ ਦੇ ਮਾਲਿਕ ਅਤੇ ਸਟਾਫ਼ ਮੈਂਬਰਾਂ ਵੱਲੋਂ ਮਾਸਕ ਪਹਿਨਣਾ ਲਾਜ਼ਮੀ ਹੈ ਜਦੋਂਕਿ ਗ੍ਰਾਹਕ ਵੱਲੋਂ ਵੀ ਜਿਥੋਂ ਤੱਕ ਸੰਭਵ ਹੋਵੇ ਮਾਸਕ ਪਹਿਨਿਆ ਜਾਵੇ। ਇਸਦੇ ਨਾਲ ਨਾਲ ਗ੍ਰਾਹਕ ਅਤੇ ਸਟਾਫ਼ ਦੇ ਸੰਪਰਕ ਵਿਚ ਆਉਣ ਸਮੇਂ ਕੋਰੋਨਾ ਦੀ ਰੋਕਥਾਮ ਸਬੰਧੀ ਸਮੇਂ ਸਮੇਂ ਤੇ ਸਰਕਾਰ ਵਲੋਂ ਜਾਰੀ ਹਦਾਇਤਾਂ ਜਿਵੇਂ ਕਿ ਵਾਰ ਵਾਰ ਹੱਥ ਧੋਣਾ,1 ਮੀਟਰ ਸਮਾਜਿਕ ਵਿੱਥਤਾ, ਛਿੱਕਦੇ-ਖੰਘਦੇ ਸਮੇਂ ਰੁਮਾਲ ਦੀ ਵਰਤੋਂ, ਬਿਮਾਰੀ ਦੇ ਲੱਛਣਾਂ ਪ੍ਰਤੀ ਚੌਕਸੀ ਅਤੇ ਜਨਤਕ ਥਾਂਵਾਂ ’ਤੇ ਥੁੱਕਣ ਦੀ ਮਨਾਹੀ ਆਦਿ ਦੀ ਵੀ ਪਾਲਣਾ ਯਕੀਨੀ ਬਣਾਈ ਜਾਵੇ।

ਦੁਕਾਨ ਮਾਲਕ ਵੱਲੋਂ ਗ੍ਰਾਹਕਾਂ ਨੂੰ ਡਿਜੀਟਲ ਪੇਮੈਂਟ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ ਅਤੇ ਜੇਕਰ ਨਕਦੀ ਲਈ ਜਾਂਦੀ ਹੈ ਤਾਂ ਨਕਦੀ ਲੈਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਸਟਾਫ਼ ਤੇ ਗ੍ਰਾਹਕ ਵੱਲੋਂ ਹੱਥ ਸੈਨੇਟਾਈਜ਼ ਕੀਤੇ ਜਾਣੇ।

ਦੁਕਾਨ ਦੇ ਆਮ ਵਰਤੋਂ ਵਾਲੇ ਖ਼ੇਤਰ ਨੂੰ ਹਰੇਕ 2-3 ਘੰਟਿਆਂ ਬਾਅਦ ਸਾਫ਼ ਕੀਤਾ ਜਾਵੇ ਅਤੇ ਫਰਸ਼ 1 ਫ਼ੀਸਦੀ ਸੋਡੀਅਮ ਹਾਈਪੋਕਲੋਰਾਈਟ ਜਾਂ ਇਸ ਵਰਗੇ ਹੋਰ ਰੋਗਾਣੂ ਨਾਸ਼ਕ ਪਦਾਰਥ ਨਾਲ ਸਾਫ਼ ਕੀਤਾ ਜਾਵੇ। ਫਰਨੀਚਰ ਅਤੇ ਵਾਰ ਵਾਰ ਛੂਹੇ ਜਾਣ ਵਾਲਾ ਸਮਾਨ ਵਾਰ-ਵਾਰ ਸੈਨੇਟਾਈਜ਼ ਕੀਤਾ ਜਾਵੇ। ਕੈਂਚੀ, ਉਸਤਰਾ, ਕੰਘੇ ਅਤੇ ਸਟਾਈਲਿੰਗ ਉਪਕਰਨ ਆਦਿ ਹਰੇਕ ਵਰਤੋਂ ਤੋਂ ਬਾਅਦ ਇੱਕ ਫ਼ੀਸਦੀ ਸੋਡੀਅਮ ਹਾਈਪੋਕਲੋਰਾਈਟ ਤਰਲ ਨਾਲ ਸਾਫ਼ ਕੀਤੇ ਜਾਣ। ਜਾਮਾ (ਗਾਹਕ ਦੁਆਲੇ ਲਪੇਟਿਆ ਜਾਣ ਵਾਲਾ ਕੱਪੜਾ), ਤੌਲੀਏ ਆਦਿ ਸਬੰਧਤ ਆਈਟਮਜ਼ ਸਾਫ਼ ਹੋਣ ਅਤੇ ਨਿਯਮਤ ਤੌਰ ’ਤੇ ਧੋਅ ਲਈਆਂ ਜਾਣ ਅਤੇ ਇਕ ਤੋਂ ਵੱਧ ਗ੍ਰਾਹਕ ਲਈ ਇਨਾਂ ਦੀ ਵਾਰ-ਵਾਰ ਵਰਤੋਂ ਨਾ ਕੀਤੀ ਜਾਵੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।