ਔਜਲਾ ਨੇ ਜਹਾਂਗੀਰ ਪਹੁੰਚ ਕੇ ਝੋਨੇ ਦੀ ਸਿੱਧੀ ਬਿਜਾਈ ਕਰਵਾਈ ।
May 24th, 2020 | Post by :- | 107 Views
ਔਜਲਾ ਨੇ ਜਹਾਂਗੀਰ ਪਹੁੰਚ ਕੇ ਝੋਨੇ ਦੀ ਸਿੱਧੀ ਬਿਜਾਈ ਕਰਵਾਈ
ਕਿਸਾਨ ਥੋੜੇ-ਥੋੜੇ ਰਕਬੇ ਵਿਚ ਸਿੱਧੀ ਬਿਜਾਈ ਦਾ ਤਜ਼ਰਬਾ ਜ਼ਰੂਰ ਕਰਨ-ਔਜਲਾ
ਡਾ. ਦਲੇਰ ਸਿੰਘ ਨੇ ਕਿਸਾਨਾਂ ਝੋਨੇ ਦੇ ਨਾਲ-ਨਾਲ ਪਾਣੀ ਦੀ ਬਚਤ ਲਈ ਪ੍ਰੇਰਿਆ
ਅੰਮ੍ਰਿਤਸਰ, 24 ਮਈ ( ਕੁਲਜੀਤ ਸਿੰਘ    )-ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਜਹਾਂਗੀਰ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਣਕਾਰੀ ਦੇਣ ਲਈ ਲਗਾਏ ਗਏ ਕੈਂਪ ਵਿਚ ਵਿਸ਼ੇਸ਼ ਤੌਰ ਉਤੇ ਪੁੱਜੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਪਾਣੀ ਦੀ ਬਚਤ ਲਈ ਵੱਡੇ ਕਿਸਾਨਾਂ ਨੂੰ ਅਜਿਹੇ ਤਜ਼ਰਬੇ ਕਰਨ ਲਈ ਪ੍ਰੇਰਦੇ ਕਿਹਾ ਕਿ ਤੁਹਾਡੇ ਵੱਲੋਂ ਥੋੜੇ-ਥੋੜੇ ਰਕਬੇ ਉਤੇ ਕੀਤਾ ਗਿਆ ਤਜ਼ਰਬਾ ਆਉਣ ਵਾਲੀਆਂ ਪੀੜੀਆਂ ਲਈ ਮਾਰਗ ਦਰਸ਼ਕ ਬਣ ਸਕਦਾ ਹੈ। ਉਨਾਂ ਕਿਹਾ ਕਿ ਡਾ. ਦਲੇਰ ਸਿੰਘ, ਜੋ ਕਿ ਸੇਵਾ ਮੁਕਤ ਖੇਤੀਬਾੜੀ ਅਧਿਕਾਰੀ ਹਨ, ਨੇ ਇਸ ਮੁੱਦੇ ਉਤੇ ਲੰਮਾ ਸਮਾਂ ਕੰਮ ਕੀਤਾ ਹੈ ਅਤੇ ਉਨਾਂ ਦੀ ਖੋਜ ਸਿੱਧ ਕਰਦੀ ਹੈ ਕਿ ਜੇਕਰ ਵੱਟਾਂ ਉਤੇ ਝੋਨੇ ਦੀ ਬਿਜਾਈ ਕੀਤੀ ਜਾਵੇ ਤਾਂ ਝਾੜ ਵੀ ਨਹੀਂ ਘਟਦਾ ਤੇ ਪਾਣੀ ਦੀ ਬਚਤ ਵੀ 41 ਫੀਸਦੀ ਤੱਕ ਹੁੰਦੀ ਹੈ। ਸ. ਔਜਲਾ ਨੇ ਕਿਹਾ ਕਿ ਕਣਕ-ਝੋਨੇ ਦਾ ਫਸਲੀ ਚੱਕਰ ਕੇਵਲ ਕਿਸਾਨ ਦੀ ਲੋੜ ਨਹੀਂ, ਬਲਕਿ ਸਾਡੇ ਦੇਸ਼ ਦੇ ਅਨਾਜ ਭੰਡਾਰ ਭਰਨ ਲਈ ਵੀ ਜ਼ਰੂਰੀ ਹੈ, ਪਰ ਸਾਨੂੰ ਇਹ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕਿ ਅਸੀਂਂ ਨਵੀਂ ਵਿਧੀ ਅਪਨਾ ਕੇ ਆਪਣੇ ਬੇਸ਼ਕੀਮਤੀ ਕੁਦਰਤੀ ਭੰਡਾਰ ਪਾਣੀ ਦੀ ਬਚਤ ਕਰੀਏ। ਉਨਾਂ ਵੱਡੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਸ਼ ਕੀਤੀਆਂ ਨਵੀਆਂ ਵਿਧੀਆਂ ਰਾਹੀਂ ਥੋੜੇ-ਥੋੜੇ ਰਕਬੇ ਉਤੇ ਝੋਨੇ ਦੀ ਸਿੱਧੀ ਬਿਜਾਈ ਜ਼ਰੂਰ ਕਰਨ। ਸ. ਔਜਲਾ ਇਸ ਮਗਰੋਂ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਗਏ ਅਤੇ ਮਾਹਿਰਾਂ ਨਾਲ ਖੇਤੀ ਖੋਜ ਬਾਰੇ ਵਿਸਥਾਰ ਵਿਚ ਜਾਣਕਾਰੀ ਪ੍ਰਾਪਤ ਕੀਤੀ।
        ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਅਸੀਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਣਕਾਰੀ ਦੇਣ ਲਈ ਅਤੇ ਪ੍ਰੈਕਟੀਕਲ ਸਿੱਖਿਆ ਦੇਣ ਲਈ ਇਹ ਕੈਂਪ ਲਗਾਇਆ ਸੀ, ਜਿਸ ਵਿਚ 150 ਦੇ ਕਰੀਬ ਕਿਸਾਨਾਂ ਨੂੰ ਸਿੱਧੀ ਬਿਜਾਈ ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ ਕਿਹਾ ਕਿ ਡਾ. ਦਲੇਰ ਸਿੰਘ ਵਿਸ਼ੇਸ਼ ਤੌਰ ਉਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲੁਧਿਆਣਾ ਤੋਂ ਆਏ ਅਤੇ ਉਨਾਂ ਸਿੱਧੀ ਬਿਜਾਈ ਬਾਰੇ ਕਿਸਾਨਾਂ ਨੂੰ ਵਿਸਥਾਰ ਵਿਚ ਸਮਝਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਗੁਰਦਿਆਲ ਸਿੰਘ ਬੱਲ, ਡਾ. ਅਵਤਾਰ ਸਿੰਘ ਬੁੱਟਰ, ਡਾ. ਸੁਖਰਾਜ ਸਿੰਘ, ਡਾ. ਅਮਰਜੀਤ ਸਿੰਘ, ਡਾ. ਸੁਖਮਿੰਦਰ ਸਿੰਘ, ਡਾ. ਰਮਿੰਦਰ ਕੌਰ, ਸ. ਪ੍ਰਦੀਪ ਸਿੰਘ, ਸਰਪੰਚ ਅਮਰੀਕ ਸਿੰਘ ਜਹਾਂਗੀਰ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਕੈਪਸ਼ਨ
ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕਰਦੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ।
-ਕੇ ਵੀ ਕੇ ਵਿਖੇ ਡਾ. ਭੁਪਿੰਦਰ ਸਿੰਘ ਅਤੇ ਹੋਰ ਖੇਤੀ ਮਾਹਿਰਾਂ ਨਾਲ ਖੇਤੀ ਖੋਜ ਬਾਰੇ ਵਿਚਾਰ-ਚਰਚਾ ਕਰਦੇ ਸ. ਗੁਰਜੀਤ ਸਿੰਘ ਔਜਲਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।