ਗੁਰਧਾਮਾਂ ਵਿੱਚ ਲੱਗਿਆ ਸੋਨਾ ਸਿੱਖਾਂ ਦਾ ਸਾਂਝਾ ਪਵਿੱਤਰ ਸਰਮਾਇਆ ਹੈ :ਸੁਖਬੀਰ ਸਿੰਘ ਬਾਦਲ ।
May 22nd, 2020 | Post by :- | 81 Views

*ਗੁਰਧਾਮਾਂ ‘ਚ ਲੱਗਿਆ ਸੋਨਾ ਸਿੱਖਾਂ ਦਾ ਸਾਂਝਾ ਪਵਿੱਤਰ ਸਰਮਾਇਆ ਹੈ: ਸੁਖਬੀਰ ਸਿੰਘ ਬਾਦਲ*
*ਕਿਹਾ ਕਿ ਸਿਰਸਾ ਦਾ ਅਣਭੋਲ ਸੁਝਾਅ ਅਸਵੀਕਾਰਯੋਗ, ਮੁਆਫੀ ਮੰਗਣਾ ਸਲਾਹੁਣਯੋਗ ਹੈ*
*ਲੋੜ ਦੀ ਇਸ ਘੜੀ ਵਿਚ ਸਿੱਖਾਂ ਨੇ ਮਨੁੱਖਤਾ ਉੱਤੇ ਸੋਨੇ ਦੇ ਦਿਲ ਬਰਸਾਏ ਹਨ*
*ਚੰਡੀਗੜ੍ਹ/21 ਮਈ:* ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸਿੱਖ ਗੁਰਧਾਮਾਂ ਉੱਤੇ ਲੱਗਿਆ ਸੋਨਾ ਅਤੇ ਬਾਕੀ ਪਵਿੱਤਰ ਵਸਤਾਂ ਸ਼ਰਧਾਵਾਨ ਸਿੱਖ ਕੌਮ ਦਾ ਸਾਂਝਾ ਸਰਮਾਇਆ ਹਨ। ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਸੰਸਥਾ ਵੱਲੋਂ ਕਿਸੇ ਵੀ ਕੰਮ ਲਈ, ਬੇਸ਼ੱਕ ਉਹ ਕਿੰਨਾ ਵੀ ਮਾਨਵਵਾਦੀ ਅਤੇ ਨੇਕ ਕਿਉਂ ਨਾ ਹੋਵੇ, ਇਸ ਸਰਮਾਏ ਦਾ ਕੋਈ ਨਿੱਕਾ ਜਿਹਾ ਹਿੱਸਾ ਵੀ ਦਾਨ ਕਰਨ ਬਾਰੇ ਸੋਚਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਬੇਹੱਦ ਇਤਿਹਾਸਕ ਅਤੇ ਵਿਰਾਸਤੀ ਮੁੱਲ ਰੱਖਣ ਵਾਲੇ ਇਸ ਸਰਮਾਏ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹਨ। ਇਸ ਸਰਮਾਏ ਦੇ ਕਿਸੇ ਨਿੱਕੇ ਜਿਹੇ ਭਾਗ ਬਾਰੇ ਵੀ ਆਏ ਕਿਸੇ ਸੁਝਾਅ ਜਾਂ ਇਸ ਨਾਲ ਜੁੜੇ ਕਿਸੇ ਸਵਾਲ ਦਾ ਜੁਆਬ ਦੇਣ ਵੇਲੇ ਵਿਅਕਤੀ ਨੂੰ ਪੂਰੀ ਜ਼ਿੰਮੇਵਾਰੀ ਅਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ, ਬੇਸ਼ੱਕ ਅਜਿਹੇ ਸੁਝਾਅ ਦਾ ਮੰਤਵ ਕਿੰਨਾ ਵੀ ਨੇਕ ਅਤੇ ਮਾਨਵਵਾਦੀ ਕਿਉਂ ਨਾ ਹੋਵੇ। ਸਰਦਾਰ ਬਾਦਲ ਨੇ ਕਿਹਾ ਕਿ ਸਾਨੂੰ ਪੰਥ ਦੇ ਦੁਸ਼ਮਣਾਂ ਦੀਆਂ ਸਾਜ਼ਿਸ਼ਾਂ ਅਤੇ ਚਾਲਾਂ ਪ੍ਰਤੀ ਸਦਾ ਸੁਚੇਤ ਰਹਿਣਾ ਚਾਹੀਦਾ ਹੈ, ਜਿਹੜੇ ਕਿ ਅਜਿਹੇ ਵਿਸ਼ਿਆਂ ਉਤੇ ਕਿਸੇ ਸਿੱਖ ਆਗੂ ਦੀ ਫਿਸਲੀ ਜ਼ੁਬਾਨ ਦਾ ਹਮੇਸ਼ਾਂ ਫਾਇਦਾ ਉਠਾਉਣ ਦੀ ਤਾਕ ਵਿਚ ਰਹਿੰਦੇ ਹਨ।
ਕੋਰੋਨਾਵਾਇਰਸ ਖ਼ਿਲਾਫ ਮਨੁੱਖਤਾ ਦੀ ਮੱਦਦ ਲਈ ਵੱਖ ਵੱਖ ਧਾਰਮਿਕ ਫਿਰਕਿਆਂ ਵੱਲੋਂ ਸੋਨੇ ਦੇ ਦਾਨ ਸੰਬੰਧੀ ਇੱਕ ਪ੍ਰਸਤਾਵ ਬਾਰੇ ਡੀਐਸਜੀਐਮਸੀ ਦੇ ਮੁਖੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੇ ਇੱਕ ‘ਅਣਭੋਲ ਸੁਝਾਅ’ ਉੱਤੇ ਉੱਠੇ ਵਿਵਾਦ ਦਾ ਹਵਾਲਾ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਟਿੱਪਣੀ ਅਸਵੀਕਾਰਯੋਗ ਹੈ, ਜਿਸ ਤੋਂ ਬਚਿਆ ਜਾ ਸਕਦਾ ਸੀ। ਪਰ ਇਹ ਚੰਗੀ ਗੱਲ ਹੈ ਕਿ ਜਥੇਦਾਰ ਸਿਰਸਾ ਨੇ ਇਸ ਉੱਤੇ ਪਛਤਾਵਾ ਕਰਦਿਆਂ ਆਪਣੀ ਇਸ ਅਣਭੋਲ ਗਲਤੀ ਲਈ ਸਿੱਖਾਂ ਤੋਂ ਮੁਆਫੀ ਮੰਗ ਲਈ ਹੈ। ਉਹਨਾਂ ਕਿਹਾ ਕਿ ਸਿੱਖਾਂ ਅੱਗੇ ਬਿਨਾਂ ਸ਼ਰਤ ਮੁਆਫੀ ਦੀ ਪੇਸ਼ਕਸ਼ ਰੱਖ ਕੇ ਜਥੇਦਾਰ ਸਿਰਸਾ ਨੇ ਇਸ ਮੁੱਦੇ ਬਾਰੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਪਰ ਕੁੱਝ ਸ਼ਰਾਰਤੀ ਅਤੇ ਸਿੱਖ ਵਿਰੋਧੀ ਤੱਤ ਇਸ ਮੁੱਦੇ ਉੱਤੇ ਸਿੱਖਾਂ ਅੰਦਰ ਬੇਭਰੋਸਗੀ ਅਤੇ ਗਲਤਫਹਿਮੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਸਿੱਖਾਂ ਨੂੰ ਆਪਸ ਵਿਚ ਵੰਡ ਕੇ ਸਿੱਖ ਕੌਮ ਨੂੰ ਕਮਜ਼ੋਰ, ਆਗੂ ਰਹਿਤ ਅਤੇ ਦਿਸ਼ਾ ਰਹਿਤ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਰਦਾਰ ਬਾਦਲ ਨੇ ਕਿਹਾ ਕਿ ਇਸ ਘਟਨਾ ਨੇ ਸਿੱਖ ਆਗੂਆਂ ਨੂੰ ਇਸ ਗੱਲ ਲਈ ਸਿਆਣੇ ਕਰ ਦਿੱਤਾ ਹੈ ਕਿ ਉਹ ਸਾਡੇ ਸ਼ਾਨਦਾਰ ਧਾਰਮਿਕ ਵਿਰਸੇ ਉੱਤੇ ਅਸਰ ਪਾਉਣ ਵਾਲੇ ਸੁਝਾਵਾਂ ਅਤੇ ਸੁਆਲਾਂ ਦੇ ਜੁਆਬ ਦੇਣ ਵੇਲੇ ਹਮੇਸ਼ਾਂ ਬੇਹੱਦ ਸੁਚੇਤ ਅਤੇ ਚੌਕਸ ਰਹਿਣ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਿੱਖ ਗੁਰਧਾਮਾਂ ਅੰਦਰ ਪਿਆ ਸੋਨਾ ਅਤੇ ਬਾਕੀ ਵਸਤਾਂ ਉਸ ਪਾਵਨ ਭਰੋਸੇ ਦਾ ਪ੍ਰਤੀਕ ਹਨ, ਜੋ ਕਿ ਸਿੱਖਾਂ ਨੂੰ ਆਪਣੇ ਧਾਰਮਿਕ ਨੁੰਮਾਇਦਿਆਂ ਉੱਤੇ ਹੈ। ਇਹ ਭਰੋਸਾ ਸਿੱਖ ਗੁਰਧਾਮਾਂ ਦੀਆਂ ਪ੍ਰਬੰਧਕੀ ਕਮੇਟੀਆਂ ਉੱਤੇ ਇੱਕ ਬਹੁਤ ਵੱਡੀ ਨੈਤਿਕ ਅਤੇ ਰੂਹਾਨੀ ਜ਼ਿੰਮੇਵਾਰੀ ਪਾਉਂਦਾ ਹੈ। ਇਸ ਲਈ ਸਾਰਿਆਂ ਲਈ ਜਰੂਰੀ ਹੈ ਕਿ ਮਨੁੱਖਤਾ ਲਈ ਇਸ ਤਰ੍ਹਾਂ ਦੇ ਕਿਸੇ ਵੀ ਦਾਨ ਬਾਰੇ ਸੁਝਾਅ ਦਾ ਜੁਆਬ ਦਿੰਦਿਆਂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਜਰੂਰ ਧਿਆਨ ਰੱਖਿਆ ਜਾਵੇ।
ਸਰਦਾਰ ਬਾਦਲ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਆਪਣੀ ਸੇਵਾ ਅਤੇ ਕੁਰਬਾਨੀ ਨਾਲ ਇੱਕ ਮਿਸਾਲ ਕਾਇਮ ਕਰਕੇ ਪੂਰੀਆਂ ਦੁਨੀਆ ਅੰਦਰ ਸਤਿਕਾਰ ਹਾਸਿਲ ਕੀਤਾ ਹੈ। ਉਹਨਾਂ ਕਿਹਾ ਕਿ ਸਿੱਖਾਂ ਵੱਲੋਂ ਪੂਰੀ ਦੁਨੀਆਂ ਅੰਦਰ ਗਰੀਬਾਂ, ਲੋੜਵੰਦਾਂ ਅਤੇ ਭੁੱਖਿਆਂ ਦੀ ਮੱਦਦ ਕਰਕੇ ਜਿਸ ਸੇਵਾ ਅਤੇ ਕੁਰਬਾਨੀ ਦੇ ਜਜ਼ਬੇ ਦੀ ਮਿਸਾਲ ਪੇਸ਼ ਕੀਤੀ ਜਾ ਰਹੀ ਹੈ, ਉਸ ਦੀ ਪੂਰੀ ਦੁਨੀਆਂ ਖੜ੍ਹੀ ਹੋ ਸ਼ਲਾਘਾ ਕਰ ਰਹੀ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।