ਸਰਬੱਤ ਦਾ ਭਲਾ ਟਰੱਸਟ ਨੇ ਪਰਵਾਸੀ ਮਜਦੂਰਾਂ ਲਈ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਦਿੱਤੇ 10 ਹਜ਼ਾਰ ਮਾਸਕ ।
May 15th, 2020 | Post by :- | 89 Views

ਸਰਬੱਤ ਦਾ ਭਲਾ ਟਰੱਸਟ ਨੇ ਪ੍ਰਵਾਸੀ ਮਜ਼ਦੂਰਾਂ ਲਈ ਅੰਮ੍ਰਿਤਸਰ ਪ੍ਰਸ਼ਾਸ਼ਨ ਨੂੰ ਦਿੱਤੇ 10 ਹਜ਼ਾਰ ਮਾਸਕ

ਮਨੁੱਖਤਾ ਦੀ ਸੇਵਾ ਦੇ ਮਾਮਲੇ ‘ਚ ਡਾ.ਓਬਰਾਏ ਦਾ ਨਹੀਂ ਦਿੱਤਾ ਜਾ ਸਕਦਾ ਦੇਣ : ਔਜਲਾ

ਅੰਮ੍ਰਿਤਸਰ ,15 ਮਈ (ਕੁਲਜੀਤ ਸਿੰਘ )- ਨਾਮਵਰ ਸਿੱਖ ਕਾਰੋਬਾਰੀ ਅਤੇ ਉੱਘੇ ਸਮਾਜ ਸੇਵਕ ਡਾ.ਐੱਸ.ਪੀ.ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇਸ ਬਿਪਤਾ ਭਰੀ ਘੜੀ ‘ਚ ਪੰਜਾਬ ਵਿਚੋਂ ਦੂਜੇ ਰਾਜਾਂ ਨੂੰ ਭੇਜੇ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਕਰੋਨਾ ਦੀ ਲਾਗ ਤੋਂ ਬਚਾਉਣ ਲਈ ਅੰਮ੍ਰਿਤਸਰ ਦੇ ਸਿਵਲ ਤੇ ਰੇਲਵੇ ਪ੍ਰਸ਼ਾਸਨ ਨੂੰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮੌਜੂਦਗੀ ‘ਚ 10 ਹਜ਼ਾਰ ਤੀਹਰੀ ਪਰਤ ਵਾਲੇ ਸਰਜੀਕਲ ਮਾਸਕ ਦਿੱਤੇ ਗਏ।

ਇਸ ਦੌਰਾਨ ਬੋਲਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਅੰਮ੍ਰਿਤਸਰ ਦੇ ਸਿਵਲ ਤੇ ਰੇਲਵੇ ਪ੍ਰਸ਼ਾਸਨ ਨੂੰ ਘਰਾਂ ਨੂੰ ਪਰਤ ਰਹੇ ਪ੍ਰਵਾਸੀ ਮਜ਼ਦੂਰਾਂ ਲਈ ਵੱਡੀ ਗਿਣਤੀ ‘ਚ ਮਾਸਕ ਦੇਣ ਤੇ ਡਾ.ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਰੀ ਦੁਨੀਆਂ ਅੰਦਰ ਜਿੱਥੇ ਵੀ ਕਿਤੇ ਮਨੁੱਖਤਾ ਤੇ ਬਿਪਤਾ ਪੈਂਦੀ ਹੈ ਤਾਂ ਡਾ.ਐੱਸ.ਪੀ.ਸਿੰਘ ਓਬਰਾਏ ਹਮੇਸ਼ਾਂ ਸਭ ਤੋਂ ਪਹਿਲਾਂ ਪਹੁੰਚ ਕੇ ਲੋੜਵੰਦਾਂ ਦੀ ਵੱਡੀ ਮਦਦ ਕਰਦੇ ਹਨ। ਇਸ ਲਈ ਮਨੁੱਖਤਾ ਦੀ ਸੇਵਾ ਦੇ ਮਾਮਲੇ ‘ਚ ਡਾ.ਓਬਰਾਏ ਦਾ ਕਦੇ ਵੀ ਦੇਣ ਨਹੀਂ ਦਿੱਤਾ ਜਾ ਸਕਦਾ।

ਇਸੇ ਦੌਰਾਨ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਖ਼ਜ਼ਾਨਚੀ ਨਵਜੀਤ ਘਈ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਨੇ ਪੰਜਾਬ ਵਿਚੋਂ ਦੂਜੇ ਰਾਜਾਂ ਨੂੰ ਜਾਣ ਵਾਲੇ ਪ੍ਰਵਾਸੀ ਮਜ਼ਦੂਰ ਨੂੰ ਕਰੋਨਾ ਦੀ ਲਾਗ ਤੋਂ ਬਚਾਉਣ ਲਈ ਪ੍ਰਸ਼ਾਸਨ ਨੂੰ 50 ਹਜ਼ਾਰ ਤੀਹਰੀ ਪਰਤ ਵਾਲੇ ਧੋਣ ਯੋਗ ਸਰਜੀਕਲ ਮਾਸਕ ਦੇਣ ਦਾ ਫ਼ੈਸਲਾ ਲਿਆ ਹੈ। ਜਿਸ ਤਹਿਤ ਅੰਮ੍ਰਿਤਸਰ ਪ੍ਰਸ਼ਾਸ਼ਨ ਨੂੰ ਪ੍ਰਵਾਸੀ ਮਜ਼ਦੂਰਾਂ ਲਈ 10 ਹਜ਼ਾਰ ਸਰਜੀਕਲ ਮਾਸਕ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮੌਜੂਦਗੀ ‘ਚ ਐਸ.ਡੀ.ਐਮ. ਵਿਕਾਸ ਹੀਰਾ,ਸਟੇਸ਼ਨ ਮਾਸਟਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਤੇ ਤਹਿਸੀਲਦਾਰ ਬੀਰਕਰਨ ਸਿੰਘ ਢਿੱਲੋਂ ਨੂੰ ਸੌੰਪ ਦਿੱਤੇ ਗਏ ਹਨ। ਜੋ ਪ੍ਰਸ਼ਾਸ਼ਨ ਵੱਲੋਂ ਰੇਲਵੇ ਸਟੇਸ਼ਨਾਂ ਤੇ ਸਪੈਸ਼ਲ ਰੇਲ ਗੱਡੀਆਂ ਰਾਹੀਂ ਆਪਣੇ ਘਰਾਂ ਨੂੰ ਪਰਤਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਵੰਡੇ ਜਾਣਗੇ।

ਉਨਾਂ ਦੱਸਿਆ ਕਿ ਡਾ.ਓਬਰਾਏ ਵੱਲੋਂ ਇਹ ਐਲਾਨ ਵੀ ਕੀਤਾ ਹੈ ਕਿ ਟਰੱਸਟ ਵੱਲੋਂ ਕੀਤੇ ਜਾ ਰਹੇ ਸਾਰੇ ਸੇਵਾ ਕਾਰਜ ਉਨਾਂ ਚਿਰ ਤੱਕ ਨਿਰੰਤਰ ਜਾਰੀ ਰਹਿਣਗੇ ਜਦੋਂ ਤੱਕ ਮਾਹੌਲ ਸੁਖਾਵਾਂ ਨਹੀਂ ਹੋ ਜਾਂਦਾ।

ਕੈਪਸ਼ਨ : ਸਰਬੱਤ ਦਾ ਭਲਾ ਟਰੱਸਟ ਵੱਲੋਂ ਅੰਮ੍ਰਿਤਸਰ ਤੇ ਰੇਲਵੇ ਪ੍ਰਸ਼ਾਸਨ ਨੂੰ ਮਾਸਕ ਦੇਣ ਮੌਕੇ ਐੱਮ.ਪੀ.ਗੁਰਜੀਤ ਸਿੰਘ ਔਜਲਾ,ਸੁਖਜਿੰਦਰ ਸਿੰਘ ਹੇਰ,ਸੁਖਦੀਪ ਸਿੱਧੂ,ਵਿਕਾਸ ਹੀਰਾ,ਮਨਪ੍ਰੀਤ ਸੰਧੂ,ਨਵਜੀਤ ਘਈ ਤੇ ਹੋਰ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।