ਰੇਲ ਕੋਚ ਫੈਕਟਰੀ ਦਾ ਰੁਤਬਾ ਬਰਕਰਾਰ ਰੱਖਣ ਲਈ ਜ਼ੋਰਦਾਰ ਢੰਗ ਨਾਲ ਲੜਾਂਗੇ :,ਜਸਬੀਰ ਸਿੰਘ ਡਿੰਪਾ ।
May 13th, 2020 | Post by :- | 121 Views
ਰੇਲ ਕੋਚ ਫੈਕਟਰੀ ਦਾ ਰੁਤਬਾ ਬਰਕਰਾਰ ਰੱਖਣ ਲਈ ਜ਼ੋਰਦਾਰ ਢੰਗ ਨਾਲ ਲੜਾਂਗੇ ਲੜਾਈ-ਜਸਬੀਰ ਸਿੰਘ ਡਿੰਪਾ
*ਵਿਧਾਇਕ ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ ਸਮੇਤ ਰੇਲ ਕੋਚ ਫੈਕਟਰੀ ਦਾ ਕੀਤਾ ਦੌਰਾ
*ਫੈਕਟਰੀ ਦੀਆਂ ਵੱਖ-ਵੱਖ ਵਰਕਸ਼ਾਪਾਂ ਵਿਚ ਕੋਵਿਡ ਸੁਰੱਖਿਆ ਉਪਾਵਾਂ ਦਾ ਲਿਆ ਜਾਇਜ਼ਾ
*ਵਰਕਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼
ਕਪੂਰਥਲਾ,  13 ਮਈ :ਕੁਲਜੀਤ ਸਿੰਘ
ਮੈਂਬਰ ਪਾਰਲੀਮੈਂਟ ਸ. ਜਸਬੀਰ ਸਿੰਘ ਡਿੰਪਾ ਨੇ ਕਿਹਾ ਹੈ ਕਿ ਰੇਲ ਕੋਚ ਫੈਕਟਰੀ ਦੇ ਨਿਗਮੀਕਰਨ ਦਾ ਮੁੱਦਾ ਉਨਾਂ ਵੱਲੋਂ ਪਾਰਲੀਮੈਂਟ ਵਿਚ ਜ਼ੋਰ-ਸ਼ੋਰ ਨਾਲ ਉਠਾਇਆ ਗਿਆ ਹੈ ਅਤੇ ਇਸ ਸਬੰਧੀ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ ਗਿਆ ਹੈ। ਉਨਾਂ ਕਿਹਾ ਕਿ ਨਿਗਮੀਕਰਨ ਖਿਲਾਫ਼ ਵਰਕਰਾਂ ਦੀ ਲੜਾਈ ਜ਼ੋਰਦਾਰ ਢੰਗ ਨਾਲ ਲੜ ਕੇ ਰੇਲ ਕੋਚ ਫੈਕਟਰੀ ਦਾ ਰੁਤਬਾ ਬਰਕਰਾਰ ਰੱਖਿਆ ਜਾਵੇਗਾ। ਅੱਜ ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਅਤੇ ਐਸ. ਐਸ. ਪੀ ਸ੍ਰੀ ਸਤਿੰਦਰ ਸਿੰਘ ਸਮੇਤ ਰੇਲ ਕੋਚ ਫੈਕਟਰੀ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਰੇਲ ਕੋਚ ਫੈਕਟਰੀ ਦੇ ਨਿਗਮੀਕਰਨ ਦੀਆਂ ਕੋਸ਼ਿਸ਼ਾਂ ਖਿਲਾਫ਼ ਉਨਾਂ ਵੱਲੋਂ ਨਿੱਜੀ ਤੌਰ ’ਤੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਅਤੇ ਜਨਾਬ ਮੁਹੰਮਦ ਸਦੀਕ ਸਮੇਤ ਕੇਂਦਰੀ ਮੰਤਰੀ ਪਿੳੂਸ਼ ਗੋਇਲ ਨਾਲ ਮੁਲਾਕਾਤ ਕਰਕੇ ਇਸ ਸਬੰਧੀ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ ਗਿਆ ਹੈ।
  ਸ. ਡਿੰਪਾ ਨੇ ਕਿਹਾ ਕਿ ਰੇਲ ਕੋਚ ਫੈਕਟਰੀ ਉਨਾ ਦੇ ਹਲਕੇ ਦਾ ਇਕ ਅਨਮੋਲ ਰਤਨ ਹੈ, ਜਿਸ ਨੇ ਰੇਲ ਡੱਬਿਆਂ ਦੇ ਉਤਪਾਦਨ ਵਿਚ ਵਿਸ਼ਵ ਭਰ ਵਿਚ ਨਾਮਣਾ ਖੱਟਣ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੂੰ ਵੱਡੀ ਪੱਧਰ ’ਤੇ ਰੋਜ਼ਗਾਰ ਮੁਹੱਈਆ ਕਰਵਾਇਆ ਹੈ। ਉਨਾਂ ਕਿਹਾ ਕਿ ਇਹ ਅਦਾਰਾ ਇਸ ਖੇਤਰ ਦੀ ਸ਼ਾਹ ਰਗ ਹੈ ਅਤੇ ਇਸ ਦਾ ਚੱਲਦੇ ਰਹਿਣਾ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਲਾਕਡਾੳੂਨ ਕਾਰਨ ਕਾਫੀ ਦੇਰ ਬੰਦ ਰਹਿਣ ਤੋਂ ਬਾਅਦ ਇਥੇ ਦੁਬਾਰਾ ਕੰਮਕਾਜ਼ ਸ਼ੁਰੂ ਹੋਇਆ ਹੈ। ਇਸ ਦੌਰਾਨ ਫੈਕਟਰੀ ਵਿਚ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਅਤੇ ਹੋਰਨਾਂ ਸਿਹਤ ਸੁਰੱਖਿਆ ਉਪਾਵਾਂ ਦਾ ਅੱਜ ਉਨਾਂ ਵੱਲੋਂ ਜਾਇਜ਼ਾ ਲਿਆ ਗਿਆ ਹੈ।
ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ ਨੇ ਇਸ ਮੌਕੇ ਕਿਹਾ ਕਿ ਫੈਕਟਰੀ ਦੇ ਵਰਕਰਾਂ ਦੀਆਂ ਸਫ਼ਾਈ ਅਤੇ ਰਿਹਾਇਸ਼ ਸਬੰਧੀ ਸਮੱਸਿਆਵਾਂ ਨੂੰ ਜਲਦ ਹੱਲ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਵਰਕਰਾਂ ਦਾ ਖਿਆਲ ਰੱਖਣਾ ਸਾਡਾ ਫਰਜ਼ ਹੈ ਅਤੇ ਲਾਕਡਾੳੂਨ ਕਾਰਨ ਉਨਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਫੈਕਟਰੀ ਦੇ ਜਨਰਲ ਮੈਨਜਰ ਸ੍ਰੀ ਰਵਿੰਦਰ ਵਰਮਾ ਅਤੇ ਹੋਰਨਾਂ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਸ. ਜਸਬੀਰ ਸਿੰਘ ਡਿੰਪਾ ਨੇ ਫੈਕਟਰੀ ਵਿਚ ਲਾਕਡਾੳੂਨ ਦੌਰਾਨ ਦੁਬਾਰਾ ਕੰਮਕਾਜ਼ ਚਾਲੂ ਹੋਣ ’ਤੇ ਕੋਵਿਡ-19 ਦੇ ਚੱਲਦਿਆਂ ਵਰਤੀਆਂ ਜਾ ਰਹੀਆਂ ਸਾਵਧਾਨੀਆਂ ਅਤੇ ਸਿਹਤ ਸੁਰੱਖਿਆ ਉਪਾਵਾਂ ਸਬੰਧੀ ਵਿਸਥਾਰ ਵਿਚ ਵਿਚਾਰ-ਵਟਾਂਦਰਾ ਕੀਤਾ। ਉਨਾਂ ਕਿਹਾ ਕਿ ਫੈਕਟਰੀ ਵਿਚ ਕੋਵਿਡ ਪ੍ਰੋਟੋਕਾਲ ਨੂੰ ਸਖ਼ਤੀ ਨਾਲ ਲਾਗੂ ਕਰਨਾ ਸਮੇਂ ਦੀ ਲੋੜ ਹੈ, ਤਾਂ ਜੋ ਹਰੇਕ ਵਰਕਰ ਸੁਰੱਖਿਅਤ ਰਹਿ ਸਕੇ। ਇਸ ਦੌਰਾਨ ਜਨਰਲ ਮੈਨੇਜਰ ਸ੍ਰੀ ਵਰਮਾ ਨੇ ਦੱਸਿਆ ਕਿ ਫੈਕਟਰੀ ਵਿਚ ਕੋਵਿਡ ਪ੍ਰੋਟੋਕਾਲ ਨੂੰ ਪੁਖ਼ਤਾ ਢੰਗ ਨਾਲ ਲਾਗੂ ਕੀਤਾ ਗਿਆ ਹੈ ਅਤੇ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ। ਉਨਾਂ ਯਕੀਨ ਦਿਵਾਇਆ ਕਿ ਵਰਕਰਾਂ ਦੀਆਂ ਸਮੱਸਿਆਵਾਂ ਪਹਿਲੇ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ।
  ਇਸ ਦੌਰਾਨ ਸ. ਜਸਬੀਰ ਸਿੰਘ ਡਿੰਪਾ ਅਤੇ ਸ. ਨਵਤੇਜ ਸਿੰਘ ਚੀਮਾ ਨੇ ਫੈਕਟਰੀ ਦੀਆਂ ਵੱਖ-ਵੱਖ ਵਰਕਸ਼ਾਪਾਂ ਦਾ ਜਾਇਜ਼ਾ ਵੀ ਲਿਆ। ਇਸ ਤੋਂ ਇਲਾਵਾ ਉਨਾਂ ਵਰਕਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਕੋਵਿਡ-19 ਦੇ ਮੱਦੇਨਜ਼ਰ ਉਨਾਂ ਲਈ ਕੀਤੇ ਗਏ ਸਿਹਤ ਸੁਰੱਖਿਆ ਉਪਾਵਾਂ ਦਾ ਮੁਲਾਂਕਣ ਕਰਦਿਆਂ ਤਸੱਲੀ ਦਾ ਪ੍ਰਗਟਾਵਾ ਕੀਤਾ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।