ਰਾਜ ਭਰ ਦੇ ਸਾਹਿਤਕਾਰ ਅਤੇ ਕਲਾਕਾਰ ਅਧਿਆਪਕਾਂ ਨਾਲ ਮਿਲਣੀਆਂ ਨੇਪਰੇ ਚੜੀਆਂ ।
April 25th, 2020 | Post by :- | 88 Views

ਸਾਹਿਤਕ ਮਿਲਣੀਆਂ ਰਾਹੀਂ ਸਕੱਤਰ ਸਕੂਲ ਸਿੱਖਿਆ ਨੇ ਅਧਿਆਪਕਾਂ ਨੂੰ ਦਿੱਤੀ ਹੱਲਾਸ਼ੇਰੀ
ਰਾਜ ਭਰ ਦੇ ਸਾਹਿਤਕਾਰ/ਕਲਾਕਾਰ ਅਧਿਆਪਕਾਂ ਨਾਲ ਮਿਲਣੀਆਂ ਨੇਪਰੇ ਚੜੀਆਂ
ਪਟਿਆਲਾ 25 ਅਪ੍ਰੈਲ: ਕੁਲਜੀਤ ਸਿੰਘ
ਸਕੱਤਰ ਸਕੂਲ ਸਿੱਖਿਆ ਵਿਭਾਗ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ‘ਚ ਸੇਵਾਵਾਂ ਨਿਭਾ ਰਹੇ ਲਿਖਾਰੀਆਂ ਤੇ ਕਲਾਕਾਰਾਂ ਨਾਲ ਸ਼ੋਸ਼ਲ ਮੀਡੀਆ ਰਾਹੀਂ ਜਿਲ੍ਹਾਵਾਰ ਮਿਲਣੀਆਂ ਅੱਜ ਨੇਪਰੇ ਚੜ੍ਹ ਗਈਆਂ ਹਨ। ਇੰਨ੍ਹਾਂ ਮਿਲਣੀਆਂ ‘ਚ ਜਿੱਥੇ ਹਰੇਕ ਜਿਲ੍ਹੇ ਦੇ ਚੋਣਵੇਂ ਸਾਹਿਤਕਾਰ/ਕਲਾਕਾਰ ਅਧਿਆਪਕਾਂ ਨੇ ਹਿੱਸਾ ਲਿਆ ਉੱਥੇ ਡੀ.ਪੀ.ਆਈ. (ਐਲੀ.) ਇੰਦਰਜੀਤ ਸਿੰਘ ਤੇ ਪੜ੍ਹੋ ਪੰਜਾਬ ਮੁਹਿੰਮ ਦੇ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਸੂਤਰਧਾਰ ਭੂਮਿਕਾ ਨਿਭਾਈ। ਇੰਨ੍ਹਾਂ ਮਿਲਣੀਆਂ ਦੇ ਅੱਜ ਆਖਰੀ ਪੜਾਅ ‘ਚ ਪਟਿਆਲਾ ਤੇ ਫਰੀਦਕੋਟ ਜਿਲ੍ਹਿਆਂ ਦੇ ਲਿਖਾਰੀਆਂ/ਕਲਾਕਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮਿਲਣੀ ਦੌਰਾਨ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਾਡੇ ਸਮਾਜ ਨੂੰ ਸੇਧ ਦੇਣ ਲਈ ਸਾਹਿਤ ਨੇ ਹਰ ਯੁੱਗ ‘ਚ ਮੋਹਰੀ ਭੂਮਿਕਾ ਨਿਭਾਈ ਹੈ। ਜਿਸ ਕਰਕੇ ਕਰੋਨਾ ਸੰਕਟ ਦੇ ਸਮੇਂ ਵੀ ਸਾਹਿਤਕਾਰਾਂ/ਕਲਾਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀਆਂ ਲਿਖਤਾਂ ਰਾਹੀਂ ਸਮਾਜ ਨੂੰ ਕਰੋਨਾ ਸੰਕਟ ਦੇ ਸਮੇਂ ਚੜ੍ਹਦੀ ਕਲਾ ‘ਚ ਰਹਿਕੇ, ਅੱਗੇ ਵਧਣ ਲਈ ਪ੍ਰੇਰਿਤ ਕਰਨ। ੳੁਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਲਈ ਮਾਣ ਦੀ ਗੱਲ ਹੈ ਕਿ ਇਸ ‘ਚ ਬਹੁਤ ਸਾਰੇ ਨਾਮਵਰ ਲਿਖਾਰੀ/ਕਲਾਕਾਰ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਅਧਿਆਪਕ ਸਾਹਿਤਕਾਰਾਂ/ਕਲਾਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਕ੍ਰਿਤਾਂ ਰਾਹੀਂ ਜਿੱਥੇ ਸਮਾਜ ਨੂੰ ਵਧੀਆ ਸੇਧ ਦਿੰਦੇ ਹਨ ਉੱਥੇ ਉਹ ਵਿਦਿਆਰਥੀਆਂ ਨੂੰ ਸ਼ੋਸ਼ਲ ਮੀਡੀਆ ਦੇ ਮਾਰੂ ਪ੍ਰਭਾਵ ਤੋਂ ਬਚਾਉਣ ਲਈ ਸਾਹਿਤ ਪੜ੍ਹਨ ਤੇ ਸਿਰਜਣ ਲਈ ਪ੍ਰੇਰਿਤ ਕਰਨ। ਇੰਨ੍ਹਾਂ ਮਿਲਣੀਆਂ ਦੌਰਾਨ ਡੀ.ਪੀ.ਆਈ. (ਐਲੀ.) ਸ੍ਰੀ ਇੰਦਰਜੀਤ ਸਿੰਘ ਨੇ ਕਿਹਾ ਕਿ ਅਧਿਆਪਕ ਹਮੇਸ਼ਾਂ ਹੀ ਸਮਾਜ ਲਈ ਮਾਰਗਦਰਸ਼ਕ ਬਣਦੇ ਹਨ। ਇਸ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਸਰਕਾਰੀ ਸਕੂਲਾਂ ਦੇ ਅਧਿਆਪਕ ਆਪਣੀ ਸਿਰਜਣਾ ਸ਼ਕਤੀ ਦਾ ਸਦਉਪਯੋਗ ਕਰਦੇ ਰਹਿਣ। ਇੰਨ੍ਹਾਂ ਮਿਲਣੀਆਂ ਦੇ ਪ੍ਰਬੰਧਕ ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਰਾਜ ਦੇ ਸਾਰੇ 22 ਜਿਲ੍ਹਿਆਂ ਦੇ ਅਧਿਆਪਕਾਂ ਨਾਲ ਜਿਲ੍ਹਾਵਾਰ ਬੈਠਕਾਂ ਦਾ ਕਾਰਜ ਅੱਜ ਨੇਪਰੇ ਚੜ੍ਹ ਗਿਆ ਹੈ। ਜਿੰਨ੍ਹਾਂ ਦੌਰਾਨ ਲਿਖਾਰੀ/ਕਲਾਕਾਰ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਲਈ ਕੀਤੇ ਜਾ ਰਹੇ ਆਪਣੇ ਉਪਰਾਲੇ ਸਾਂਝੇ ਕੀਤੇ ਅਤੇ ਆਪਣੀਆਂ ਕਵਿਤਾਵਾਂ, ਗੀਤ, ਗਜ਼ਲਾਂ ਤੇ ਕਹਾਣੀਆਂ ਆਦਿ ਵੀ ਸੁਣਾਈਆਂ। ਡਾ. ਬੋਹਾ ਨੇ ਦੱਸਿਆ ਕਿ ਜਿੱਥੇ ਇਸ ਵੇਲੇ ਰਾਜ ‘ਚ ਜਿਆਦਾਤਰ ਸਰਗਰਮੀਆਂ ਕਰੋਨਾ ਦੇ ਕਹਿਰ ਕਾਰਨ ਠੱਪ ਹਨ, ਉੱਥੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਸਰਕਾਰੀ ਸਕੂਲ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਆਧੁਨਿਕ ਸੰਚਾਰ ਸਾਧਨਾਂ ਰਾਹੀਂ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ। ਅੱਜ ਆਖਰੀ ਦਿਨ ਸਾਹਿਤਕ ਮਿਲਣੀ ‘ਚ ਫਰੀਦਕੋਟ ਜਿਲ੍ਹੇ ਦੇ ਅਧਿਆਪਕ ਸਾਹਿਤਕਾਰਾਂ/ਲਿਖਾਰੀਆਂ ਨੇ ਮਨਜੀਤ ਪੁਰੀ ਅਤੇ ਪਟਿਆਲਾ ਜਿਲ੍ਹੇ ਦੇ ਡਾ. ਅਮਰਜੀਤ ਕੌਂਕੇ ਦੀ ਰਹਿਨੁਮਾਈ ‘ਚ ਸ਼ਮੂਲੀਅਤ ਕੀਤੀ। ਕੋਆਰਡੀਨੇਟਰ ਡਾ. ਅਮਰਜੀਤ ਕੌਂਕੇ ਅਨੁਸਾਰ ਪਟਿਆਲਾ ਜਿਲ੍ਹੇ ‘ਚੋਂ ਪ੍ਰਿੰ. ਡਾ. ਨਰਿੰਦਰ ਨਿਸਚਲ, ਡਾ. ਸੁਖਦਰਸ਼ਨ ਸਿੰਘ ਚਹਿਲ, ਸੁਮਨ ਬੱਤਰਾ, ਹਰਪ੍ਰੀਤ ਰਾਣਾ, ਨਰਿੰਦਰਪਾਲ ਕੌਰ ਭੀਖੀ, ਰਾਜਵਿੰਦਰ ਕੌਰ ਜਟਾਣਾ, ਡਾ. ਪਰਮਦੀਪ ਕੌਰ, ਸੁਖਜੀਵਨ ਸਿੰਘ, ਸੰਤੋਖ ਸੁੱਖੀ ਤੇ ਸੰਤੋਸ਼ ਸੰਧੀਰ ਨੇ ਹਿੱਸਾ ਲਿਆ। ਫਰੀਦਕੋਟ ਵੱਲੋਂ ਖੁਸ਼ਵੰਤ ਬਰਗਾੜੀ, ਡਾ. ਸੰਤੋਖ ਸਿੰਘ, ਦਵਿੰਦਰ ਸੈਫੀ, ਸੁਖਵਿੰਦਰ ਸਾਰੰਗ, ਰੰਗ ਹਰਜਿੰਦਰ ਆਦਿ ਨੇ ਹਿੱਸਾ ਲਿਆ।
ਤਸਵੀਰ:- ੧. ਸ਼ਕੱਤਰ ਸ੍ਰੀ ਕ੍ਰਿਸ਼ਨ ਕੁਮਾਰ ੨. ਡੀ.ਪੀ.ਆਈ. ਇੰਦਰਜੀਤ ਸਿੰਘ ੩. ਡਾ. ਦਵਿੰਦਰ ਬੋਹਾ ੪. ਅਮਰਜੀਤ ਕੌਂਕੇ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।