ਕੋਵਿਡ 19 ਦੇ ਮੁੱਦੇ ਉੱਤੇ ਰਾਜਸੀ ਆਗੂਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੀਟਿੰਗ ।
April 21st, 2020 | Post by :- | 65 Views
ਕੋਵਿਡ 19 ਦੇ ਮੁੱਦੇ ਉਤੇ ਰਾਜਸੀ ਆਗੂਆਂ ਅਤੇ ਜਿਲਾ ਪ੍ਰਸ਼ਾਸ਼ਨ ਵੱਲੋਂ ਮੀਟਿੰਗ
-ਹਰੇਕ ਨਾਗਰਿਕ ਦਾ ਕੋਵਿਡ ਟੈਸਟ ਕਰਵਾਉਣ ਲਈ ਕੀਤੀਆਂ ਵਿਚਾਰਾਂ
ਅੰਮ੍ਰਿਤਸਰ, 21 ਅਪ੍ਰੈਲ (  ਕੁਲਜੀਤ ਸਿੰਘ       )-ਕੋਵਿਡ –19 ਦੇ ਖ਼ਤਰੇ ਨਾਲ ਨਿਜੱਠਣ ਲਈ ਅੰਮ੍ਰਿਤਸਰ ਜਿਲਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੀਤੇ ਗਏ ਪ੍ਰਬੰਧਾਂ, ਕੋਵਿਡ ਦੇ ਮਰੀਜਾਂ ਦਾ ਪਤਾ ਲਗਾਉਣ, ਉਨਾਂ ਦਾ ਇਲਾਜ ਕਰਵਾਉਣ ਤੇ ਕਰਫਿਊ ਦੌਰਾਨ ਲੋੜਵੰਦ ਲੋਕਾਂ ਤੱਕ ਰਾਸ਼ਨ ਅਤੇ ਹੋਰ ਸਮਾਨ ਦੀ ਪਹੁੰਚ ਸਬੰਧੀ ਵਿਚਾਰ-ਚਰਚਾ ਕਰਨ ਲਈ ਅੱਜ ਸਰਕਟ ਹਾਊਸ ਵਿਚ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ, ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਮੇਅਰ ਸ. ਕਰਮਜੀਤ ਸਿੰਘ ਰਿੰਟੂ, ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਸ੍ਰੀ ਸੁਨੀਲ ਦੱਤੀ, ਮੁੱਖ ਮੰਤਰੀ ਦੇ ਓ ਐਸ ਡੀ ਸ੍ਰੀ ਸੰਦੀਪ ਸਿੰਘ ਸੰਧੂ, ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਦਿਨੇਸ਼ ਬੱਸੀ, ਐਸ ਡੀ ਐਮ ਸ੍ਰੀ ਵਿਕਾਸ ਹੀਰਾ ਨੇ ਵਿਸਥਾਰਤ ਮੀਟਿੰਗ ਕੀਤੀ।
        ਮੀਟਿੰਗ ਵਿਚ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਮੁੱਚੀ ਟੀਮ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸਰਾਹਨਾ ਕਰਦੇ ਕਿਹਾ ਕਿ ਅੱਜ ਦੀ ਲੋੜ ਹੈ ਕਿ ਜਿਲੇ ਦੇ ਹਰੇਕ ਸ਼ੱਕੀ ਵਿਅਕਤੀ ਦਾ ਕੋਵਿਡ 19 ਟੈਸਟ ਕਰਵਾਇਆ ਜਾਵੇ ਅਤੇ ਜੇਕਰ ਉਹ ਪਾਜ਼ਿਟਵ ਆਉਂਦਾ ਹੈ ਤਾਂ ਉਸ ਦਾ ਇਲਾਜ ਕੀਤਾ ਜਾਵੇ। ਉਨਾਂ ਕਿਹਾ ਕਿ ਵਾਇਰਸ ਦੇ ਖਾਤਮੇ ਲਈ ਹਰੇਕ ਨਾਗਰਿਕ ਦੇ ਸਾਥ ਦੀ ਲੋੜ ਹੈ। ਸ੍ਰੀ ਸੋਨੀ ਨੇ ਕਿਹਾ ਕਿ ਹਾਲ ਦੀ ਘੜੀ ਸਥਿਤੀ ਕੰਟਰੋਲ ਹੇਠ ਹੈ। ਦਾਖਲ ਮਰੀਜ਼ ਵੀ ਠੀਕ ਹੋ ਕੇ ਘਰਾਂ ਨੂੰ ਪਰਤ ਰਹੇ ਹਨ, ਜੋ ਕਿ ਰਾਹਤ ਵਾਲੀ ਗੱਲ ਹੈ। ਉਨਾਂ ਦੱਸਿਆ ਕਿ ਹਸਪਤਾਲਾਂ ਵਿਚ ਵੀ ਬਿਮਾਰੀ ਦੇ ਟਾਕਰੇ ਲਈ ਨਵੇਂ ਸਾਧਨ ਆ ਰਹੇ ਹਨ ਅਤੇ ਮਰੀਜਾਂ ਦੇ ਠੀਕ ਹੋਣ ਨਾਲ ਡਾਕਟਰਾਂ ਦੇ ਹੌਂਸਲੇ ਵੀ ਵਧੇ ਹਨ। ਇਸ ਤੋਂ ਇਲਾਵਾ ਬਿਮਾਰ ਮਰੀਜ਼ ਨੂੰ ਮਾਨਸਿਕ ਤੌਰ ਉਤੇ ਬਲ ਮਿਲਿਆ ਹੈ, ਜੋ ਕਿ ਸਮੇਂ ਦੀ ਲੋੜ ਹੈ।
    ਸ. ਔਜਲਾ ਨੇ ਕਿਹਾ ਕਿ ਲੋੜਵੰਦ ਤੱਕ ਲੰਗਰ ਤੇ ਰਾਸ਼ਨ ਦੀ ਸਪਲਾਈ ਬਾਰੇ ਆਪਣੇ ਵਿਚਾਰ ਰੱਖੇ ਅਤੇ ਜਿਲੇ ਵਿਚ ਹੁਣ ਤੱਕ ਰਾਸ਼ਨ ਦੀ ਕੀਤੀ ਸਪਲਾਈ ਬਾਰੇ ਜਾਣਕਾਰੀ ਲਈ। ਉਨਾਂ ਕਿਹਾ ਕਿ ਜੇਕਰ ਇਹ ਸੰਭਵ ਹੋਵੇ ਕਿ ਹਰੇਕ ਵਾਸੀ ਦਾ ਟੈਸਟ ਹੋ ਸਕੇ ਤਾਂ ਇਸ ਤੋਂ ਵਧੀਆ ਹੋਰ ਕੋਈ ਉਪਾਅ ਨਹੀਂ। ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ ਤੇ ਵਿਧਾਇਕ ਸ੍ਰੀ ਸੁਨੀਲ ਦੱਤੀ ਨੇ ਆਪਣੇ-ਆਪਣੇ ਹਲਕੇ ਵਿਚ ਲੋੜਵੰਦ ਲੋਕਾਂ ਤੱਕ ਰਾਸ਼ਨ ਅਤੇ ਆਮ ਸ਼ਹਿਰੀ ਨੂੰ ਪੇਸ਼ ਆ ਰਹੀ ਦਿੱਕਤਾਂ ਬਾਰੇ ਗੱਲ ਕਰਦੇ ਇਸ ਨੂੰ ਹੋਰ ਸੁਖਾਲਾ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਸ੍ਰੀ ਦਿਨੇਸ਼ ਬੱਸੀ ਨੇ ਕਿਹਾ ਕਿ ਆਰਥਿਕ ਤੌਰ ਉਤੇ ਜੇਕਰ ਕਿਸੇ ਤਰਾਂ ਦੀ ਕੋਈ ਸਹਾਇਤਾ ਚਾਹੀਦੀ ਹੋਵੇ ਤਾਂ ਬਤੌਰ ਨਗਰ ਸੁਧਾਰ ਟਰੱਸਟ ਚੇਅਰਮੈਨ ਉਹ ਹਰ ਤਰਾਂ ਸ਼ਹਿਰ ਵਾਸੀਆਂ ਨਾਲ ਖੜੇ ਹਨ।
 ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਲੋੜਵੰਦ ਲੋਕਾਂ ਲਈ ਕੀਤੇ ਜਾ ਚੁੱਕੇ ਪ੍ਰਬੰਧ ਅਤੇ ਵੰਡ ਵਿਚ ਆ ਰਹੀਆਂ ਕੁੱਝ ਮੁਸ਼ਿਕਲਾਂ ਤੋਂ ਜਾਣੂੰ ਕਰਵਾਉਂਦੇ ਜਿਲਾ ਵਾਸੀਆਂ ਤੋਂ ਸਹਿਯੋਗ ਮੰਗਿਆ ਕਿ ਉਹ ਘਰਾਂ ਵਿਚ ਰਹਿ ਕੇ ਸਾਡਾ ਸਾਥ ਦੇਣ ਤਾਂ ਅਸੀਂ ਇਹ ਜੰਗ ਜਿੱਤਾਂਗੇ। ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਕਰਫਿਊ ਦੌਰਾਨ ਅਮਨ-ਕਾਨੂੰਨ ਦੇ ਨਾਲ-ਨਾਲ ਪੁਲਿਸ ਵੱਲੋਂ ਕੀਤੇ ਜਾ ਰਹੇ ਰਾਹਤ ਕੰਮਾਂ ਬਾਰੇ ਜਾਣੂੰ ਕਰਵਾਇਆ ਤਾਂ ਸਾਰੇ ਰਾਜਸੀ ਆਗੂਆਂ ਨੇ ਪੁਲਿਸ ਵੱਲੋਂ ਕੀਤੇ ਜਾ ਰਹੇ ਇੰਨਾਂ ਕੰਮਾਂ ਦੀ ਤਾਰੀਫ ਕੀਤੀ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।