ਪ੍ਰਾਇਮਰੀ ਜਮਾਤਾਂ ਦੇ ਰਿਪੋਰਟ ਕਾਰਡ ਵਿਦਿਆਰਥੀਆਂ ਦੇ ਮੁਲਾਂਕਣ ਲਈ ਲਾਹੇਵੰਦ :ਸਿੱਖਿਆ ਸਕੱਤਰ ।
January 22nd, 2020 | Post by :- | 93 Views

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਪਾ੍ਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਰਿਪੋਰਟ ਕਾਰਡ ਸਕੂਲਾਂ ਵਿੱਚ ਭੇਜੇ

ਪ੍ਰਾਇਮਰੀ ਜਮਾਤਾਂ ਦੇ ਰਿਪੋਰਟ ਕਾਰਡ ਵਿਦਿਆਰਥੀਆਂ ਦੇ ਮੁਲਾਂਕਣ ਲਈ ਲਾਹੇਵੰਦ – ਸਿੱਖਿਆ ਸਕੱਤਰ

ਐੱਸ.ਏ.ਐੱਸ.ਨਗਰ 22 ਜਨਵਰੀ ( ਕੁਲਜੀਤ ਸਿੰਘ) ਰਾਜ ਸਿੱਖਿਆ ਸਿਖਲਾਈ ਖੋਜ ਸੰਸਥਾ ਦੇ ਡਾਇਰੈਕਟਰ ਇੰਦਰਜੀਤ ਸਿੰਘ ਦੀ ਦੇਖ-ਰੇਖ ਹੇਠ ਗੁਣਾਤਮਿਕ ਸਿੱਖਿਆ ਦੇ ਉਦੇਸ਼ ਦੀ ਪ੍ਰਾਪਤੀ ਲਈ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ’ ਚਲਾਇਆ ਜਾ ਰਿਹਾ ਹੈ। ਜਿਸ ਰਾਹੀਂ ਬਾਲ ਮਨੋਵਿਗਿਆਨ ਅਧਾਰਿਤ ਪਾਠਕ੍ਰਮ , ਰੌਚਕ ਸਿੱਖਣ -ਸਿਖਾਉਣ ਦੀਆਂ ਨਵੀਆਂ-ਨਵੀਆਂ ਤਕਨੀਕਾਂ ਦੇ ਜ਼ਰੀਏ ਨਿਰਧਾਰਿਤ ਸਿੱਖਣ ਪਰਿਣਾਮਾਂ ਦੀ ਪ੍ਰਾਪਤੀ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਅਧੀਨ ਪ੍ਰਾਇਮਰੀ ਜਮਾਤਾਂ ਦੇ ਸਰਵਪੱਖੀ ਵਿਕਾਸ ਦਾ ਮਾਪਦੰਡਾਂ ਅਧਾਰਿਤ ਮੁਲਾਂਕਣ ਕਰਨ ਲਈ ਰਿਪੋਰਟ ਕਾਰਡ ਜਾਰੀ ਕੀਤੇ ਗਏ ਹਨ। ਇਹ ਰਿਪੋਰਟ ਕਾਰਡ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਵਿਕਾਸ ਦੇ ਮੁਲਾਂਕਣ ਲਈ ਤਿਆਰ ਕੀਤੇ ਗਏ ਹਨ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਅਧੀਨ ਪ੍ਰੀ-ਪ੍ਰਾਇਮਰੀ-1 ਅਤੇ 2 ਜਮਾਤ ਦੇ ਬੱਚਿਆਂ ਦੇ ਸਰੀਰਕ ਅਤੇ ਕਿਰਿਆਤਮਕ, ਸਮਾਜਿਕ ਅਤੇ ਭਾਵਨਾਤਮਕ, ਬੌਧਿਕ, ਭਾਸ਼ਾਈ, ਗਣਿਤਕ ਵਿਕਾਸ ਨੂੰ ਜਾਣਨ ਤੇ ਸਮਝਣ ਲਈ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦਾ ਤਿਮਾਹੀ ਮੁਲਾਂਕਣ ਕੀਤਾ ਜਾਵੇਗਾ। ਵਿਦਿਆਰਥੀਆਂ ਦੁਆਰਾ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਵਿਭਾਗ ਵੱਲੋਂ ਬਹੁਤ ਹੀ ਸੁੰਦਰ ਤਰੀਕੇ ਨਾਲ ਤਿਆਰ ਕੀਤੇ ਗਏ ਰਿਪੋਰਟ ਕਾਰਡਾਂ ਵਿੱਚ ਦਰਸਾਇਆ ਜਾਵੇਗਾ।
ਬੁਲਾਰੇ ਅਨੁਸਾਰ ਪ੍ਰੀ-ਪ੍ਰਾਇਮਰੀ-1 ਅਤੇ 2 ਵਿੱਚ ਬੱਚਿਆਂ ਦੀਆਂ ਸਰੀਰਕ ਸਮਰੱਥਾਵਾਂ ਜਿਵੇਂ ਰੱਸੀ ਟੱਪਣਾ, ਬਾਲਟੀ ਵਿੱਚ ਗੇਂਦ ਪਾਉਣਾ, ਚਿੱਤਰ ਵਿੱਚ ਰੰਗ ਭਰਨਾ, ਕਾਗਜ਼ ਮੋੜ ਕੇ ਕੁੱਝ ਤਿਆਰ ਕਰਨਾ,ਪੈੱਨਸਿਲ ਸਹੀ ਢੰਗ ਨਾਲ ਫੜ੍ਹਨਾ ਦੇ ਅਧਾਰ ਤੇ ਬੱਚਿਆਂ ਦਾ ਮੁਲਾਂਕਣ ਕੀਤਾ ਜਾਵੇਗਾ। ਸਮਾਜਿਕ ਸਮਰੱਥਾਵਾਂ ਵਿੱਚ ਬੱਚਿਆਂ ਵੱਲੋਂ ਆਪਣੀ ਜਾਣ-ਪਛਾਣ, ਸਾਰੇ ਬੱਚਿਆਂ ਨਾਲ਼ ਖੇਡ ਜਾਂ ਗੱਲਬਾਤ ਵਿੱਚ ਸ਼ਾਮਲ ਹੋਣਾ, ਅਧਿਆਪਕਾਂ ਨਾਲ ਬਿਨਾਂ ਝਿਜਕ ਗੱਲਬਾਤ, ਸਾਫ਼-ਸੁਥਰਾ ਰਹਿਣਾ, ਜਮਾਤ ਵਿੱਚ ਖੁਸ਼ੀ ਨਾਲ ਰਹਿਣ ਦੇ ਮਾਪਦੰਡਾਂ ਦੇ ਅਧਾਰ ਤੇ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ ਜਾਵੇਗਾ।
ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਨੂੰ ਮਾਪਣ ਲਈ ਵਿਭਾਗ ਵੱਲੋਂ ਬੱਚਿਆਂ ਦੁਆਰਾ ਰੰਗ ਅਤੇ ਆਕਾਰ ਦੀ ਪਹਿਚਾਣ ਕਰਨਾ, ਵਸਤੂਆਂ ਦਾ ਵਰਗੀਕਰਨ, ਪੈਟਰਨ ਪੂਰਾ ਕਰਨਾ, ਤੁਲਨਾ ਕਰਨੀ ਅਤੇ ਪਜ਼ਲ ਹੱਲ ਕਰਨ ਦੇ ਮਾਪਦੰਡ ਨਿਰਧਾਰਿਤ ਕੀਤੇ ਗਏ ਹਨ। ਇਸੇ ਤਰ੍ਹਾਂ ਵਿਦਿਆਰਥੀਆਂ ਦੀਆਂ ਵਸਤੂਆਂ ਨੂੰ ਵਰਗੀਕ੍ਰਿਤ ਕਰਨ, ਪਜ਼ਲ ਹੱਲ ਕਰਨ ਅਤੇ ਪੈਟਰਨ ਪੂਰੇ ਕਰਨ ਰਾਹੀਂ ਬੌਧਿਕ ਵਿਕਾਸ ਦਾ ਮੁਲਾਂਕਣ ਕੀਤਾ ਜਾਵੇਗਾ। ਭਾਸ਼ਾ ਦੀਆਂ ਧੁਨੀਆਂ ਅਤੇ ਸ਼ਬਦਾਂ ਦੀ ਜਾਣਕਾਰੀ, ਗਣਿਤਿਕ ਅੰਕਾਂ ਦੇ ਗਿਆਨ ਰਾਹੀਂ ਭਾਸ਼ਾਈ ਅਤੇ ਗਣਿਤਿਕ ਵਿਕਾਸ ਦਾ ਮੁਲਾਂਕਣ ਹੋਵੇਗਾ। ਉਹਨਾਂ ਦੱਸਿਆ ਕਿ ਪ੍ਰਾਇਮਰੀ ਜਮਾਤਾਂ ਦੇ ਰਿਪੋਰਟ ਕਾਰਡ ਰਾਹੀਂ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਵਿਦਿਆਰਥੀਆਂ ਦੇ ਭਾਸ਼ਾਈ ਕੌਸ਼ਲਾਂ ਜਿਵੇਂ ਪੜ੍ਹਨ, ਲਿਖਣ , ਸਵਾਲ ਅਤੇ ਪਹਾੜਿਆਂ ਦਾ ਮੁਲਾਂਕਣ ਅਤੇ ਸਾਲ ਵਿੱਚ ਚਾਰ ਵਾਰੀ ਜਨਵਰੀ, ਸਤੰਬਰ, ਨਵੰਬਰ ਅਤੇ ਜਨਵਰੀ ਵਿੱਚ ਜਮਾਤ ਵਾਰ ਵਿਸ਼ਿਆਂ ਦੇ ਸਿੱਖਣ-ਪਰਿਣਾਮਾਂ ਅਧਾਰਿਤ ਮੁਲਾਂਕਣ ਹੋਵੇਗਾ।
ਡਾ.ਦਵਿੰਦਰ ਬੋਹਾ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਨੇ ਦੱਸਿਆ ਕਿ ਇਹ ਰਿਪੋਰਟ ਕਾਰਡ ਪ੍ਰਾਇਮਰੀ ਵਰਗ ਦੇ ਹਰ ਵਿਦਿਆਰਥੀ ਦੀ ਕਾਰਗੁਜ਼ਾਰੀ ਦਾ ਅਧਾਰ ਸਾਬਿਤ ਹੋਣਗੇ। ਉਹਨਾਂ ਨੇ ਦੱਸਿਆ ਕਿ ਸਕੂਲ ਅਧਿਆਪਕਾਂ ਵੱਲੋਂ ਰਿਪੋਰਟ ਕਾਰਡਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ, ਉਹਨਾਂ ਦਾ ਕਹਿਣਾ ਹੈ ਕਿ ਰਿਪੋਰਟ ਕਾਰਡ ਅਧਿਆਪਕ ਨੂੰ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਮਾਪਣ ਲਈ ਅਜਿਹਾ ਰਿਕਾਰਡ ਸਾਬਿਤ ਹੋਣਗੇ ਜੋ ਸਾਲ ਦੌਰਾਨ ਸਮੇਂ-ਸਮੇਂ ‘ਤੇ ਵਿਦਿਆਰਥੀ ਦੇ ਸਿੱਖਣ-ਪੱਧਰਾਂ ਵਿੱਚ ਸੁਧਾਰਾਂ ਨੂੰ ਅਧਿਆਪਕਾਂ ਅਤੇ ਮਾਪਿਆਂ ਸਾਹਮਣੇ ਪੇਸ਼ ਕਰਨਗੇ। ਦਿੱਖ ਪੱਖੋਂ ਵੀ ਇੰਨੇ ਆਕਰਸ਼ਕ ਅਤੇ ਰੰਗਦਾਰ ਹਨ ਜੋ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨਗੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।