ਦਮਦਮੀ ਟਕਸਾਲ ਵਲੋਂ ਸੁਲਤਾਨਪੁਰ ਲੋਧੀ ਵਿਖੇ ਸ਼ੁੱਧ ਪਾਠ ਬੋਧ ਸਮਾਗਮ ਦੀ ਆਰੰਭਤਾ 1 ਅਕਤੂਬਰ ਨੂੰ।
**ਸੰਤ ਗਿ: ਹਰਨਾਮ ਸਿੰਘ ਜੀ ਖਾਲਸਾ ਨੇ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜਾ, ਸੰਗਤਾਂ ਨੂੰ ਵੱਧ ਚੜ੍ਹ ਕੇ ਸੰਥਿਆ ਲੈਣ ਦੀ ਕੀਤੀ ਅਪੀਲ।
**ਗੁਰਬਾਣੀ ਸਾਡੇ ਜੀਵਨ ਦਾ ਆਧਾਰ, ਬਾਣੀ ਦਾ ਸ਼ੁੱਧ ਉਚਾਰਣ ਇਕ ਮਹਾਨ ਸੇਵਾ: ਸੰਤ ਗਿ: ਹਰਨਾਮ ਸਿੰਘ ਖਾਲਸਾ।
ਸੁਲਤਾਨਪੁਰ ਲੋਧੀ , 28 ਸਤੰਬਰ (ਕੁਲਜੀਤ ਸਿੰਘ ) ਦਮਦਮੀ ਟਕਸਾਲ ਵਲੋਂ ਸ਼੍ਰੀ ਸੁਲਤਾਨਪੁਰ ਸਾਹਿਬ ਲੋਧੀ ਦੇ ਗੁਰਦਵਾਰਾ ਹੱਟ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸ਼ੁੱਧ ਪਾਠ ਬੋਧ ਸਮਾਗਮ ਕਰਾਇਆ ਜਾ ਰਿਹਾ ਹੈ, ਜਿਸ ਦੀ ਆਰੰਭਤਾ ਮਿਤੀ 1 ਅਕਤੂਬਰ 2019, ਮੰਗਲਵਾਰ ਨੂੰ ਹੋਵੇਗੀ।
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਯੋਗ ਅਗੁਵਾਈ ‘ਚ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁ: ਪ੍ਰਬੰਧਕ ਕਮੇਟੀ ਅਤੇ ਸੰਤ ਸਮਾਜ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਇਹ ਪਾਠ ਬੋਧ ਸਮਾਗਮ 9 ਨਵੰਬਰ ਤੱਕ ਚਲੇਗਾ।
ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ ਸੰਤ ਗਿ: ਹਰਨਾਮ ਸਿੰਘ ਜੀ ਖਾਲਸਾ ਨੇ ਗੁਰਬਾਣੀ ਸ਼ੁਧ ਪਾਠ ਬੋਧ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਉਪਰੰਤ ਕਿਹਾ ਕਿ ਸਮਾਗਮ ‘ਚ ਹਿੱਸਾ ਲੈ ਕੇ ਸੰਥਿਆ ਪ੍ਰਾਪਤ ਕਰਨ ਵਾਲਿਆਂ ਨੂੰ ਗੁਰਬਾਣੀ ਦੀਆਂ ਸੈਚੀਆਂ ਵੰਡੀਆਂ ਜਾਣਗੀਆਂ ਅਤੇ ਦੂਰੋ ਆਉਣ ਵਾਲੀਆਂ ਸੰਗਤਾਂ ਲਈ ਰਿਹਾਇਸ਼ ਦਾ ਖਾਸ ਪ੍ਰਬੰਧ ਹੋਵੇਗਾ। ਦਮਦਮੀ ਟਕਸਾਲ ਦੇ ਮੁਖੀ ਨੇ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ‘ਚ ਪਹੁੰਚਦਿਆਂ ਗੁਰਬਾਣੀ ਸ਼ੁੱਧ ਸੰਥਿਆ ਲੈ ਕੇ ਲਾਹਾ ਪ੍ਰਾਪਤ ਕਰਨ ਦੀ ਅਪੀਲ ਕੀਤੀ। ਉਨਾਂ ਸਿੱਖ ਕੌਮ ‘ਚ ਸ਼ੁੱਧ ਪਾਠ ਪ੍ਰਤੀ ਆਏ ਅਵੇਸਲਾਪਨ ਉਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗੁਰਬਾਣੀ ਦੇ ਸ਼ੁੱਧ ਉਚਾਰਨ ਬਿਨ੍ਹਾ ਗੁਰਬਾਣੀ ਦੇ ਸਹੀ ਅਰਥਾਂ ਨੂੰ ਸਮਝਿਆ ਨਹੀਂ ਜਾ ਸਕਦਾ ਹੈ। ਇਸ ਕਰਕੇ ਬਾਣੀ ਸ਼ੁੱਧ ਉਚਾਰਨ ਅਤੇ ਸਮਝ ਨਾਲ ਪੜ੍ਹੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ, ਗੁਰਬਾਣੀ ਦਾ ਸ਼ੁੱਧ ਉਚਾਰਣ ਇਕ ਮਹਾਨ ਸੇਵਾ ਹੈ, ਇਸ ਦੇ ਤੁਲ ਕੁਝ ਭੀ ਨਹੀਂ। ਇਸ ਉਦੇਸ਼ ਦੀ ਪ੍ਰਾਪਤੀ ਲਈ ਸੰਗਤ ਨੂੰ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਵਿੱਦਿਆ ਅਤੇ ਅਰਥ ਬੋਧ ਤੋਂ ਜਾਣੂ ਕਰਵਾਉਣਾ ਸਮੇਂ ਦੀ ਮੁੱਖ ਮੰਗ ਤੇ ਲੋੜ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਪੰਥਕ ਪ੍ਰਯੋਜਨ ਅਤੇ ਕੌਮੀ ਫਰਜ਼ਾਂ ਦੇ ਨਾਲ ਨਾਲ ਗੁਰਬਾਣੀ ਸੰਥਿਆ, ਪ੍ਰਚਾਰ ਅਤੇ ਪਸਾਰ ਕਰਨ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਹਨਾਂ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜਣ ਦੀ ਲੋੜ ‘ਤੇ ਜ਼ੋਰ ਦਿਤਾ ਅਤੇ ਦਸਿਆ ਕਿ ਇਨਾਂ ਸਮਾਗਮਾਂ ਰਾਹੀ ਗ੍ਰੰਥੀ ਅਤੇ ਅਖੰਡ ਪਾਠੀ ਸਿੰਘਾਂ ਤੋਂ ਇਲਾਵਾ ਨੌਜਵਾਨ ਪੀੜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਕਰਾਈ ਜਾਵੇਗੀ ਅਤੇ ਸਿੱਖ ਰਹਿਤ ਮਰਯਾਦਾ – ਸਿਧਾਂਤ ਆਦਿ ਤੋਂ ਜਾਣੂ ਕਰਾਇਆ ਜਾਵੇਗਾ।
ਇਸ ਮੌਕੇ ਉਹਨਾਂ ਨਾਲ ਭਾਈ ਅਜੈਬ ਸਿੰਘ ਅਭਿਆਸੀ, ਭਾਈ ਸਵਰਨ ਸਿੰਘ ਖਾਲਸਾ, ਜਰਨੈਲ ਸਿੰਘ ਡੋਗਰਾਂਵਾਲਾ, ਹੈਡ ਗੰ੍ਰਥੀ ਭਾਈ ਸੁਰਜੀਤ ਸਿੰਘ ਸਭਰਾਅ, ਬਾਬਾ ਕਸ਼ਮੀਰ ਸਿੰਘ, ਜਥੇ: ਬਾਬਾ ਕਾਲਾ ਸਿੰਘ ਕਾਰਸੇਵਾ ਬਾਬਾ ਭੁਰੇ ਵਾਲੇ, ਜਥੇ: ਸੁਖਦੇਵ ਸਿੰਘ ਅਨੰਦਪੁਰ, ਮੈਨੇਜਰ ਸਤਨਾਮ ਸਿੰਘ ਰਿਆੜ, ਮੁਖਤਿਆਰ ਸਿੰਘ, ਸੁਖਜੀਤ ਸਿੰਘ ਟਪਈਆਂ ਆਦਿ ਵੀ ਮੌਜੂਦ ਸਨ।
ਫੋਟੋ ਨਾਲ ਹਨ ਜੀ।
ਕੈਪਸ਼ਨ – ਪਾਠ ਬੋਧ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈ ਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਤੇ ਹੋਰ।