ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੀਨੀਅਰ ਪੱਤਰਕਾਰ ਸ਼ਿੰਗਾਰਾ ਸਿੰਘ ਭੁੱਲਰ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ
December 11th, 2019 | Post by :- | 48 Views

ਚੰਡੀਗੜ੍ਹ, ( ਮਹਿੰਦਰਾ ਪਾਲ ਸਿੰਘਮਾਰ )    –    ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸੀਨੀਅਰ ਪੱਤਰਕਾਰ ਸ਼ਿੰਗਾਰਾ ਸਿੰਘ ਭੁੱਲਰ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੀਨੀਅਰ ਪੱਤਰਕਾਰ ਤੇ ਉਘੇ ਕਾਲਮਨਵੀਸ ਸ਼ਿੰਗਾਰਾ ਸਿੰਘ ਭੁੱਲਰ (74 ਸਾਲ) ਦਾ ਅੱਜ ਸੰਖੇਪ ਬਿਮਾਰੀ ਉਪਰੰਤ ਮੁਹਾਲੀ ਵਿਖੇ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ, ਦੋ ਲੜਕੇ ਤੇ ਇਕ ਲੜਕੀ ਛੱਡ ਗਏ। ਪੰਜਾਬੀ ਪੱਤਰਕਾਰੀ ਵਿੱਚ ਉਹ ਇਕਲੌਤੇ ਅਜਿਹੇ ਪੱਤਰਕਾਰ ਸਨ ਜਿਨ੍ਹਾਂ ਨੂੰ ਚਾਰ ਰੋਜ਼ਾਨਾ ਅਖਬਾਰਾਂ ਦੇ ਸੰਪਾਦਕ ਰਹਿਣ ਦਾ ਮਾਣ ਹਾਸਲ ਹੋਇਆ।

ਸ. ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਸ. ਭੁੱਲਰ ਦੇ ਤੁਰ ਜਾਣ ਉਤੇ ਜਿੱਥੇ ਪੱਤਰਕਾਰੀ ਖੇਤਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਉਥੇ ਉਨ੍ਹਾਂ ਨੇ ਵੀ ਆਪਣਾ ਨਿੱਜੀ ਦੋਸਤ ਗੁਆ ਲਿਆ। ਉਨ੍ਹਾਂ ਕਿਹਾ ਕਿ ਸ. ਭੁੱਲਰ ਨੇ ਉਨ੍ਹਾਂ ਦੇ ਜ਼ਿਲੇ ਗੁਰਦਾਸਪੁਰ ਦੇ ਪਿੰਡ ਭੁੱਲਰ ਤੋਂ ਉਠ ਕੇ ਪੱਤਰਕਾਰੀ ਖੇਤਰ ਵਿੱਚ ਨਵੀਆਂ ਸਿਖਰਾਂ ਛੂਹੀਆਂ। ਸ. ਰੰਧਾਵਾ ਨੇ ਕਿਹਾ ਕਿ ਸ਼ਿੰਗਾਰਾ ਸਿੰਘ ਭੁੱਲਰ ਦੀ ਪੰਜਾਬੀ ਪੱਤਰਕਾਰੀ ਨੂੰ ਬਹੁਤ ਵੱਡੀ ਦੇਣ ਸੀ ਜਿਨ੍ਹਾਂ ਦੇ ਤੁਰ ਜਾਣ ਨਾਲ ਸਮੁੱਚੇ ਖੇਤਰ ਨੂੰ ਵੱਡਾ ਘਾਟਾ ਪਿਆ। ਉਨ੍ਹਾਂ ਕਿਹਾ ਕਿ ਸ. ਭੁੱਲਰ ਜਿੰਨੇ ਵੱਡੇ ਪੱਤਰਕਾਰ ਸਨ, ਉਨੇ ਹੀ ਵਧੀਆ ਇਨਸਾਨ ਸੀ। ਸ. ਰੰਧਾਵਾ ਨੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਵੀ ਕੀਤੀ।

ਸ਼ਿੰਗਾਰਾ ਸਿੰਘ ਭੁੱਲਰ ਨੇ ਲੰਬਾ ਸਮਾਂ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ 30 ਸਾਲ ਤੋਂ ਵੱਧ ਸਮਾਂ ਸੇਵਾਵਾਂ ਨਿਭਾਈਆਂ ਅਤੇ 2006 ਵਿੱਚ ਪੰਜਾਬੀ ਟ੍ਰਿਬਿਊਨ ਵਿੱਚੋਂ ਸੰਪਾਦਕ ਵਜੋਂ ਸੇਵਾ ਮੁਕਤ ਹੋਏ। ਇਸ ਤੋਂ ਬਾਅਦ ਉਹ ‘ਦੇਸ਼ ਵਿਦੇਸ਼ ਟਾਈਮਜ਼’ ਅਤੇ ‘ਪੰਜਾਬੀ ਜਾਗਰਣ’ ਦੇ ਸੰਪਾਦਕ ਵੀ ਰਹੇ। ਮੌਜੂਦਾ ਸਮੇਂ ਉਹ ‘ਰੋਜ਼ਾਨਾ ਸਪੋਕਸਮੈਨ’ ਦੇ ਸੰਪਾਦਕ ਸਨ। ਪੱਤਰਕਾਰੀ ਖੇਤਰ ਵਿੱਚ ਪਾਏ ਯੋਗਦਾਨ ਸਦਕਾ ਸ਼ਿੰਗਾਰਾ ਸਿੰਘ ਭੁੱਲਰ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਸ਼੍ਰੋਮਣੀ ਪੱਤਰਕਾਰ’ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ।